ਚੰਡੀਗੜ੍ਹ: ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਥਾਣਾ ਮੁਖੀ ਲਵਮੀਤ ਕੌਰ ਦਰਮਿਆਨ ਵਾਇਰਲ ਹੋਈ ਫ਼ੋਨ ਕਾਲ ਦਾ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਖ਼ਤ ਨੋਟਿਸ ਲਿਆ ਹੈ। ਇਹ ਸਖ਼ਤੀ ਹਲਕਾ ਵਿਧਾਇਕ 'ਤੇ ਨਹੀਂ ਬਲਕਿ ਮਹਿਲਾ ਪੁਲਿਸ ਅਧਿਕਾਰੀ 'ਤੇ ਹੀ ਵਰਤੀ ਗਈ ਹੈ। ਫ਼ਿਰੋਜ਼ਪੁਰ ਦੇ ਇੰਸਪੈਕਟਰ ਜਨਰਲ ਨੇ ਇਸ ਘਟਨਾ ਦਾ ਹਵਾਲਾ ਦਿੰਦਿਆਂ ਪੰਜ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਪੁਲਿਸ ਮਰਿਆਦਾ ਚੇਤੇ ਰੱਖਣ ਲਈ ਚੇਤਾਵਨੀ ਵੀ ਜਾਰੀ ਕਰ ਦਿੱਤੀ।

ਇਹ ਵੀ ਪੜ੍ਹੋ: ਇਸ 'ਬੰਦੇ' ਖਾਤਰ ਮਹਿਲਾ ਥਾਣੇਦਾਰ ਨਾਲ ਉਲਝੇ ਘੁਬਾਇਆ

ਆਈਜੀ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਘੁਬਾਇਆ ਅਤੇ ਮਹਿਲਾ ਪੁਲਿਸ ਅਧਿਕਾਰੀ ਦੀ ਗੱਲਬਾਤ ਦੀ ਆਡੀਓ-ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਕਾਰਨ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਅਕਸ ਖ਼ਰਾਬ ਹੋਇਆ ਹੈ। ਇਸ ਦੀ ਸ਼ਿਕਾਇਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਨਾ ਕਰਕੇ ਸਿੱਧਾ ਸੋਸ਼ਲ ਮੀਡੀਆ 'ਤੇ ਪਹੁੰਚ ਕਰਨਾ ਪੁਲਿਸ ਨਿਯਮਾਂ ਦੀ ਉਲੰਘਣਾ ਹੈ।

ਫ਼ਿਰੋਜ਼ਪੁਰ ਰੇਂਜ ਅਧੀਨ ਆਉਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ ਤੇ ਮੋਗਾ ਜ਼ਿਲ੍ਹਿਆਂ ਦੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਈਜੀ ਨੇ ਸੂਚਿਤ ਕੀਤਾ ਕਿ ਜੇਕਰ ਭਵਿੱਖ ਵਿੱਚ ਕਿਸੇ ਵੀ ਕਰਮਚਾਰੀ ਨੂੰ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਉਹ ਸੀਨੀਅਰ ਅਧਿਕਾਰੀਆਂ ਨੂੰ ਦੱਸੇ। ਜੇਕਰ ਇਹ ਸਮੱਸਿਆ ਜ਼ਿਲ੍ਹਾ ਪੱਧਰ 'ਤੇ ਹੱਲ ਨਹੀਂ ਹੁੰਦੀ ਤਾਂ ਫ਼ਿਰੋਜ਼ਪੁਰ ਰੇਂਜ ਤਕ ਵੀ ਪਹੁੰਚ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਪਹਿਲਾਂ ਕੈਬਨਿਟ ਮੰਤਰੀ ਤੇ ਹੁਣ ਕਾਂਗਰਸੀ ਵਿਧਾਇਕ ਨੇ ਮਹਿਲਾ ਪੁਲਿਸ ਅਧਿਕਾਰੀ ਨਾਲ ਫ਼ੋਨ 'ਤੇ ਕੀਤੀ ਬਦਸਲੂਕੀ

ਹਾਲਾਂਕਿ, ਲਵਮੀਤ ਕੌਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਅਤੇ ਉਹੀ ਇਸ ਦਾ ਹੱਲ ਕਰਨਗੇ। ਇਸ ਦੇ ਬਾਵਜੂਦ ਸੀਨੀਅਰ ਅਧਿਕਾਰੀਆਂ ਨੇ ਉਸੇ ਦੀ ਹੀ ਖਿਚਾਈ ਕਰ ਦਿੱਤੀ ਹੈ।