ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 47 ਵਿੱਚ ਰਹਿਣ ਵਾਲੀ ਮਨੀਸ਼ਾ ਨੂੰ ਇਸ ਗੱਲ ਦਾ ਮਲਾਲ ਹੈ ਕਿ ਉਹ ਫਿਲਕਾਰਟ ਦੇ ਮਾਲਿਕ ਸਚਿਨ ਬਾਂਸਲ ਨੂੰ ਪਹਿਚਾਣ ਨਹੀਂ ਪਾਈ। ਅਸਲ ਵਿੱਚ ਸਚਿਨ ਬਾਂਸਲ ਮਨੀਸ਼ਾ ਵੱਲੋਂ ਕੀਤੇ ਆਡਰ ਨੂੰ ਦੇਣ ਲਈ ਉਸ ਦੇ ਘਰ ਸੇਲਜ਼ਮੈਨ ਬਣ ਕੇ ਖ਼ੁਦ ਆਇਆ ਸੀ। ਪਰ ਮਨੀਸ਼ਾ ਨੇ ਬਾਂਸਲ ਨੂੰ ਆਮ ਸੇਲਜ਼ਮੈਨ ਸਮਝ ਕੇ ਜ਼ਿਆਦਾ ਗੱਲ ਨਹੀਂ ਕੀਤੀ। ਸ਼ਾਮ ਨੂੰ ਜਦੋਂ ਮਨੀਸ਼ਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਕਾਫ਼ੀ ਪਛਤਾਵਾ ਹੋਇਆ।
ਚੰਡੀਗੜ੍ਹ ਦੇ ਰਹਿਣ ਵਾਲੇ ਸਚਿਨ ਬਾਂਸਲ ਫਿਲਪਕਾਰਟ ਦੇ ਮਾਲਕ ਹਨ ਅਤੇ ਇੱਕ ਖ਼ਾਸ ਸਕੀਮ ਦੇ ਤਹਿਤ ਉਹ ਸ਼ੁੱਕਰਵਾਰ ਨੂੰ ਆਪ ਚੰਡੀਗੜ੍ਹ ਵਿੱਚ ਗ੍ਰਾਹਕਾਂ ਨੂੰ ਸਮਾਨ ਦੇਣ ਲਈ ਪਹੁੰਚੇ। ਸਚਿਨ ਕਰੀਬ 9 ਵਜੇ ਸੈਕਟਰ 47 ਵਿਖੇ ਦਾਸ ਪਰਿਵਾਰ ਦੇ ਘਰ ਪਹੁੰਚਿਆ। ਇਸ ਦੌਰਾਨ ਮਨੀਸ਼ਾ ਕਾਲਜ ਜਾਣ ਲਈ ਤਿਆਰ ਹੋ ਰਹੀ ਸੀ। ਘਰ ਦੀ ਬੈੱਲ ਵੱਜਦੀ ਹੈਂ ਤਾਂ ਸਾਹਮਣੇ ਫਿਲਪਕਾਰਟ ਦਾ ਸੇਲਜ਼ਮੈਨ ਖੜ੍ਹਾ ਸੀ। ਮਨੀਸ਼ਾ ਜਦੋਂ ਸਮਾਨ ਲੈ ਰਹੀ ਸੀ ਤਾਂ ਦੂਜੇ ਸੇਲਜ਼ਮੈਨ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਖਿਆ ਕਿ ਉਹ ਕਾਲਜ ਲਈ ਲੇਟ ਹੋ ਰਹੀ ਅਤੇ ਜੇਕਰ ਫਿਲਪਕਾਰਟ ਬਾਰੇ ਫੀਡ ਬੈਕ ਲੈਣੀ ਹੈ ਤਾਂ ਬਾਅਦ ਵਿੱਚ ਆਉਣਾ।
ਇਸ ਤੋਂ ਬਾਅਦ ਸੇਲਜ਼ਮੈਨ ਨੇ ਮਨੀਸ਼ਾ ਨੂੰ ਇੱਕ ਫ਼ੋਟੋ ਲਈ ਆਖਿਆ ਤਾਂ ਉਸ ਨੇ ਇਸ ਤੋਂ ਵੀ ਮਨਾ ਕਰ ਦਿੱਤਾ। ਇਸ ਤੋਂ ਬਾਅਦ ਫਿਲਪਕਾਰਟ ਦੀ ਟੀਮ ਚਲੇ ਜਾਂਦੀ ਹੈ। ਸ਼ਾਮ ਨੂੰ ਜਦੋਂ ਮਨੀਸ਼ਾ ਨੂੰ ਪਤਾ ਲੱਗਾ ਕਿ ਜੋ ਵਿਅਕਤੀ ਉਸ ਨੂੰ ਸਮਾਨ ਦੇਣ ਲਈ ਆਇਆ ਸੀ ਅਸਲ ਵਿੱਚ ਉਹ ਫਿਲਪਕਾਰਟ ਦਾ ਮੁੱਖ ਮਾਲਕ ਸਚਿਨ ਬਾਂਸਲ ਸੀ। ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਮਨੀਸ਼ਾ ਨੇ ਦੱਸਿਆ ਕਿ ਉਸ ਨੇ ਆਪਣੀ ਮਾਂ ਲਈ ਸੂਟ ਦਾ ਆਡਰ ਕੀਤਾ ਸੀ। ਪਰ ਉਸ ਨੂੰ ਨਹੀਂ ਸੀ ਪਤਾ ਕਿ ਸਮਾਨ ਦੇਣ ਲਈ ਖ਼ੁਦ ਕੰਪਨੀ ਦਾ ਮਾਲਕ ਹੀ ਆ ਜਾਵੇਗਾ।
ਮਨੀਸ਼ਾ ਚੰਡੀਗੜ੍ਹ ਦੇ ਐਸ ਡੀ ਕਾਲਜ ਵਿੱਚ ਬੀਐਸਸੀ ਦਾ ਦੂਜੇ ਸਾਲ ਦੀ ਵਿਦਿਆਰਥਣ ਹੈ। ਮਨੀਸ਼ਾ ਦੀ ਮਾਂ ਆਸ਼ਾ ਦਾਸ ਨੇ ਆਖਿਆ ਕਿ ਇੰਨਾ ਵੱਡਾ ਵਿਅਕਤੀ ਉਨ੍ਹਾਂ ਦੇ ਘਰ ਆਇਆ ਪਰ ਅਫ਼ਸੋਸ ਕਿ ਉਹ ਚਾਹ ਵੀ ਨਹੀਂ ਪਿਲਾ ਸਕੇ। ਸਚਿਨ ਬਾਂਸਲ ਨੇ ਚੰਡੀਗੜ੍ਹ ਦੇ ਕਈ ਘਰਾਂ ਵਿੱਚ ਜਾ ਕੇ ਸਮਾਨ ਦੀ ਡਲਿਵਰੀ ਕੀਤੀ ਅਤੇ ਕਿਸੇ ਨੂੰ ਵੀ ਆਪਣੀ ਪਛਾਣ ਨਹੀਂ ਦੱਸੀ।