ਸਾਬਕਾ ਕਾਂਗਰਸੀ ਮੰਤਰੀਆਂ ਦੀਆਂ ਵਧ ਸਕਦੀਆਂ ਮੁਸ਼ਕਲਾਂ, ਰਾਜਾ ਵੜਿੰਗ ਤੇ ਓਪੀ ਸੋਨੀ ਤੋਂ ਹੋ ਸਕਦੀ ਪੁੱਛਗਿੱਛ
ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਬੇ ਦੀ ਨਵੀਂ 'ਆਪ' ਸਰਕਾਰ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਓਪੀ ਸੋਨੀ ਤੋਂ ਪੁੱਛਗਿੱਛ ਕਰ ਸਕਦੀ ਹੈ।
ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਦੇ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਬੇ ਦੀ ਨਵੀਂ 'ਆਪ' ਸਰਕਾਰ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਓਪੀ ਸੋਨੀ ਤੋਂ ਪੁੱਛਗਿੱਛ ਕਰ ਸਕਦੀ ਹੈ। ਮਾਨ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਸੰਕੇਤ ਦਿੱਤੇ ਹਨ।
ਭੁੱਲਰ ਮੁਤਾਬਕ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਕਾਰਜਕਾਲ ਦੌਰਾਨ ਸਰਕਾਰੀ ਬੱਸਾਂ ਵਿੱਚ ਘਟੀਆ ਕੁਆਲਿਟੀ ਦੀ ਬੌਡੀ ਲਈ ਗਈ ਸੀ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਓਪੀ ਸੋਨੀ ਨੇ ਭਤੀਜੇ ਦੇ ਨਾਂ ’ਤੇ ਅਰਬਾਂ ਦੀ ਜਾਇਦਾਦ ਕੁਝ ਰੁਪਏ ਵਿੱਚ ਲੀਜ਼ 'ਤੇ ਲੈ ਲਈ ਸੀ। ਭੁੱਲਰ ਨੇ ਕਿਹਾ ਕਿ ਜੇਕਰ ਕੋਈ ਗੜਬੜੀ ਪਾਈ ਗਈ ਤਾਂ ਸਰਕਾਰ ਸਖ਼ਤ ਕਾਰਵਾਈ ਕਰੇਗੀ। ਇਸ ਸਮੇਂ ਰਾਜਾ ਵੜਿੰਗ ਪੰਜਾਬ ਵਿੱਚ ਕਾਂਗਰਸ ਦੇ ਪ੍ਰਧਾਨ ਵੀ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ। ਇਸ ਦੌਰਾਨ ਸਰਕਾਰ ਨੇ 825 ਨਵੀਆਂ ਬੱਸਾਂ ਦੀ ਖਰੀਦ ਕੀਤੀ ਸੀ। ਨਵੇਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੌਡੀ ਜੈਪੁਰ ਤੋਂ ਬਣੀ ਸੀ। ਬੱਸਾਂ ਦੀ ਇਹ ਬੌਡੀ ਬਹੁਤ ਹੀ ਘਟੀਆ ਕੁਆਲਿਟੀ ਦੀ ਸੀ। ਜੈਪੁਰ ਤੋਂ ਹੀ ਬੱਸਾਂ ਦੀ ਬੌਡੀ ਕਿਉਂ ਬਣਵਾਈ? ਪੰਜਾਬ ਜਾਂ ਹਰਿਆਣਾ ਤੋਂ ਕਿਉਂ ਨਹੀਂ ਲਿਆਂਦਾ ਗਿਆ? ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਰਾਜਾ ਵੜਿੰਗ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਜਦੋਂ ਕਿ ਓਪੀ ਸੋਨੀ ਕਾਂਗਰਸ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ। ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਸੋਨੀ ਨੇ ਭਾਈ-ਭਤੀਜਾਵਾਦ ਕੀਤਾ। ਉਸ ਨੇ ਅਰਬਾਂ ਰੁਪਏ ਦੀ ਜਾਇਦਾਦ ਆਪਣੇ ਭਤੀਜੇ ਦੇ ਨਾਂ 'ਤੇ ਕੁਝ ਪੈਸਿਆਂ 'ਤੇ ਲੀਜ਼ 'ਤੇ ਦੇ ਦਿੱਤੀ। ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਲੀਜ਼ ਰੱਦ ਕਰ ਦਿੱਤੀ ਜਾਵੇਗੀ। ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।