ਚੰਡੀਗੜ੍ਹ: ਸਿਮਰਨਜੀਤ ਸਿੰਘ ਮਾਨ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਨਵੇਂ ਸੰਸਦ ਮੈਂਬਰ ਬਣ ਗਏ ਹਨ। ਮਾਨ ਆਪਣੇ ਸਿਆਸੀ ਜੀਵਨ ਵਿੱਚ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। 77 ਸਾਲਾ ਸਿਮਰਨਜੀਤ ਸਿੰਘ ਮਾਨ ਨੇ ਜ਼ਿਮਨੀ ਚੋਣਾਂ ਵਿਚ ਸੱਤਾਧਾਰੀ ਪਾਰਟੀ 'ਆਪ' ਦੇ ਉਮੀਦਵਾਰ ਨੂੰ ਹਰਾ ਕੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੈ ਅਤੇ ਇਹ ਸੀਟ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਹੀ ਖਾਲੀ ਹੋਈ ਸੀ। ਇੱਥੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੀ ਹਾਰ ਕਾਰਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।


ਸੂਬੇ ਦੀ ਗਰਮ ਖਿਆਲੀ ਸਿਆਸਤ ਦਾ ਕੇਂਦਰ ਸਮਝੇ ਜਾਂਦੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ 1966 ਵਿੱਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਅਤੇ ਉਸ ਤੋਂ ਬਾਅਦ 1967 ਵਿੱਚ ਉਹ ਭਾਰਤੀ ਪੁਲਿਸ ਸੇਵਾ (ਆਈਪੀਐਸ) ਲਈ ਚੁਣੇ ਗਏ। ਉਨ੍ਹਾਂ ਨੂੰ ਪੰਜਾਬ ਕੇਡਰ ਮਿਲਿਆ। ਇਸ ਦੌਰਾਨ ਉਹ ਲੁਧਿਆਣਾ 'ਚ ASP ਰਹੇ। ਇਸ ਤੋਂ ਬਾਅਦ ਉਹ ਫਿਰੋਜ਼ਪੁਰ ਅਤੇ ਫਰੀਦਕੋਟ ਵਿੱਚ SSP ਰਹੇ। ਇਸ ਤੋਂ ਬਾਅਦ ਉਹ ਮੁੰਬਈ ਵਿੱਚ CISF ਗਰੁੱਪ ਦੇ ਕਮਾਂਡੈਂਟ ਰਹੇ।


ਅਪਰੇਸ਼ਨ ਬਲੂ ਸਟਾਰ ਤੋਂ ਪਰੇਸ਼ਾਨ ਹੋ ਛੱਡੀ ਕੁਰਸੀ
ਸਿਮਰਨਜੀਤ ਸਿੰਘ ਮਾਨ ਨੇ 18 ਜੂਨ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਅਤੇ ਸਾਕਾ ਨੀਲਾ ਤਾਰਾ ਵਿੱਚ ਅੰਮ੍ਰਿਤਸਰ ਵਿੱਚ ਸ੍ਰੀ ਹਰਮਿੰਦਰ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ। ਮਾਨ ਨੂੰ ਭਾਰਤ-ਨੇਪਾਲ ਸਰਹੱਦ 'ਤੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ, ਮਾਨ ਦੇ ਖਿਲਾਫ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਤੋਂ ਲੈ ਕੇ ਦੇਸ਼ਧ੍ਰੋਹ ਤੱਕ ਦੇ ਕਈ ਕੇਸ ਦਰਜ ਕੀਤੇ ਗਏ।


1989 ਦੀਆਂ ਲੋਕ ਸਭਾ ਚੋਣਾਂ ਜੇਲ੍ਹ ਤੋਂ ਲੜੀਆਂ
ਪੰਜ ਸਾਲ ਭਾਗਲਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਮਾਨ ਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਤਰਨਤਾਰਨ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ 5,27,707 ਵੋਟਾਂ ਲੈ ਕੇ ਰਿਕਾਰਡ ਜਿੱਤ ਦਰਜ ਕੀਤੀ। ਉਨ੍ਹਾਂ ਦੇ ਖਿਲਾਫ ਅਜੀਤ ਸਿੰਘ ਮਾਨ (ਜ਼ਿਲ੍ਹਾ ਅੰਮ੍ਰਿਤਸਰ ਕਾਂਗਰਸ ਪ੍ਰਧਾਨ) ਨੇ ਚੋਣ ਲੜੀ ਸੀ। ਇਸ ਸੀਟ 'ਤੇ ਮਾਨ ਨੇ 561883 ਵੋਟਾਂ 'ਚੋਂ 527707 ਵੋਟਾਂ ਲੈ ਕੇ ਕਾਂਗਰਸ ਦੇ ਅਜੀਤ ਸਿੰਘ ਮਾਨ ਨੂੰ 480417 ਵੋਟਾਂ ਨਾਲ ਹਰਾਇਆ। ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਨ੍ਹਾਂ ਨੂੰ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।ਹਾਲਾਂਕਿ 25 ਸਾਲ ਬਾਅਦ ਇਸੇ ਲੋਕ ਸਭਾ ਹਲਕੇ ਤੋਂ ਚੋਣ ਲੜਨ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈਸੀ।


1999 ਵਿੱਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ
ਮਾਨ ਨੇ 1999 ਵਿੱਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ। ਮਾਨ ਤਰਨਤਾਰਨ ਤੋਂ ਰਿਕਾਰਡ ਤੋੜ ਜਿੱਤ ਤੋਂ ਬਾਅਦ ਵੀ ਦੇਸ਼ ਦੀ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕੇ। ਉਸਨੇ ਪਾਰਲੀਮੈਂਟ ਵਿੱਚ ਸ਼੍ਰੀਸਾਹਿਬ ਹੱਥ ਵਿੱਚ ਲੈ ਜਾਣ ਦੀ ਜ਼ਿੱਦ ਕੀਤੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਅੰਮ੍ਰਿਤਸਰ ਦੀ ਤਰਫੋਂ ਹਲਕਾ ਖਡੂਰ ਸਾਹਿਬ (ਪਹਿਲਾਂ ਤਰਨਤਾਰਨ) ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਚੋਣ ਵਿੱਚ ਕੁੱਲ 17 ਉਮੀਦਵਾਰ ਮੈਦਾਨ ਵਿੱਚ ਸਨ। ਮਾਨ ਨੂੰ ਚੋਣਾਂ ਵਿੱਚ ਸਿਰਫ਼ 13,990 ਵੋਟਾਂ ਮਿਲੀਆਂ। ਚੋਣ ਨਤੀਜਿਆਂ 'ਚ ਉਹ ਚੌਥੇ ਨੰਬਰ 'ਤੇ ਆਇਆ ਸੀ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ।


ਸਿਮਰਨਜੀਤ ਮਾਨ ਹਰ ਵਾਰ ਵਿਧਾਨ ਸਭਾ ਚੋਣ ਲੜਦੇ ਰਹੇ ਹਨ। ਇਸੇ ਸਾਲ ਉਨ੍ਹਾਂ ਅਮਰਗੜ੍ਹ ਸੀਟ ਤੋਂ ਵਿਧਾਨ ਸਭਾ ਚੋਣ ਲੜੀ। ਹਾਲਾਂਕਿ ਇੱਥੋਂ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ ਗੱਜਣਮਾਜਰਾ ਨੇ ਉਨ੍ਹਾਂ ਨੂੰ 6043 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ ਸਿਮਰਨਜੀਤ ਮਾਨ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ ਹਰ ਵਾਰ ਚੋਣ ਲੜਦੇ ਹਨ। ਮਾਨ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ 1999 ਤੋਂ ਬਾਅਦ ਉਹ ਲਗਾਤਾਰ ਲੋਕਾਂ ਵੱਲੋਂ ਨਕਾਰੇ ਜਾਂਦੇ ਰਹੇ ਹਨ। 23 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਹੁਣ ਉਹ ਤੀਜੀ ਵਾਰ ਸੰਗਰੂਰ ਸੀਟ ਤੋਂ ਜਿੱਤੇ ਹਨ।


 


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ