ਜਲੰਧਰ: ਵਿਜੀਲੈਂਸ ਨੇ ਕਪੂਰਥਲਾ ਸਥਿਤ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਡਾ. ਰਜਨੀਸ਼ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਬਕਾ ਕੁਲਪਤੀ 'ਤੇ ਕੁਝ ਸਿਆਸੀ ਤੇ ਚਹੇਤੇ ਵਿਅਕਤੀਆਂ ਨੂੰ ਗ਼ਲਤ ਢੰਗਾਂ ਨਾਲ ਨੌਕਰੀ ਦਿਵਾਉਣ ਦੇ ਇਲਜ਼ਾਮ ਹਨ। ਕੁਲਪਤੀ 'ਤੇ ਵਿੱਤੀ ਸਾਧਨਾਂ ਦੀ ਵਰਤੋਂ ਮਨਮਾਨੇ ਤਰੀਕੇ ਨਾਲ ਕਰਨ ਦੇ ਇਲਜ਼ਾਮ ਵੀ ਲੱਗੇ ਹਨ। ਕਈ ਸਾਲ ਪੁਰਾਣੇ ਇਸ ਮਾਮਲੇ ਵਿੱਚ 4 ਪੰਜਾਬ ਵਿਜੀਲੈਂਸ ਨੇ 4 ਜਨਵਰੀ 2018 ਨੂੰ ਕੇਸ ਦਰਜ ਕੀਤਾ ਸੀ ਤੇ ਸਾਬਕਾ ਵੀ.ਸੀ. ਨੂੰ ਗ੍ਰਿਫਤਾਰ ਕੀਤਾ ਹੈ।



ਮਾਮਲੇ ਦੀ ਪੜਤਾਲ ਲਈ ਕਪੂਰਥਲਾ ਦੀ ਸਪੈਸ਼ਲ ਅਦਾਲਤ ਨੇ ਡਾ. ਰਜਨੀਸ਼ ਅਰੋੜਾ ਨੂੰ 12 ਜਨਵਰੀ ਤੱਕ ਰਿਮਾਂਡ 'ਤੇ ਭੇਜ ਦਿੱਤਾ ਹੈ। ਐੱਫ.ਆਈ.ਆਰ. ਵਿੱਚ 10 ਮੁਲਜ਼ਮਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਅਤੇ ਮੰਤਰੀ ਰਹਿ ਚੁੱਕੇ ਤੀਕਸ਼ਣ ਸੂਦ ਦੀ ਧੀ ਗੀਤਿਕਾ ਸੂਦ ਦਾ ਵੀ ਨਾਂ ਵੀ ਹੈ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੰਡੀਗੜ੍ਹ ਸੈਂਟਰ ਵਿੱਚ ਗੀਤਿਕਾ ਸੂਦ ਲੀਗਲ ਅਫਸਰ ਵਜੋਂ ਤਾਇਨਾਤ ਹੈ। ਜਿਨ੍ਹਾਂ 10 ਲੋਕਾਂ 'ਤੇ ਐੱਫ.ਆਈ.ਆਰ. ਦਰਜ ਹੋਈ ਉਸ ਵਿੱਚੋਂ ਪੰਜ ਯੂਨੀਵਰਸਿਟੀ ਦੇ ਉੱਚੇ ਅਹੁਦਿਆਂ 'ਤੇ ਕਾਰਜਸ਼ੀਲ ਹਨ।

ਕਿਸ-ਕਿਸ 'ਤੇ ਹੋਇਆ ਕੇਸ ਦਰਜ-

  • ਡਾ. ਰਜਨੀਸ਼ ਅਰੋੜਾ, ਸਾਬਕਾ ਕੁਲਪਤੀ

  • ਡਾ. ਨਛੱਤਰ ਸਿੰਘ, ਸਾਬਕਾ ਸਲਾਹਕਾਰ

  • ਡਾ. ਆਰ.ਪੀ. ਸਿੰਘ ਭਾਰਦਵਾਜ, ਸਾਬਕਾ ਨਿਰਦੇਸ਼ਕ

  • ਵਿਸ਼ਵਦੀਪ, ਮੁਖੀ ਵਿਦੇਸ਼ੀ ਭਾਸ਼ਾਵਾਂ ਵਿਭਾਗ (ਕਾਰਜਸ਼ੀਲ)

  • ਗੀਤਿਕਾ ਸੂਦ- ਕਾਨੂੰਨੀ ਅਫਸਰ (ਕਾਰਜਸ਼ੀਲ)

  • ਮਰਗਿੰਦਰ ਸਿੰਘ- ਸਹਾਇਕ ਸਿਖਲਾਈ ਤੇ ਭਰਤੀ ਅਫਸਰ (ਕਾਰਜਸ਼ੀਲ)

  • ਸਮੀਰ ਸ਼ਰਮਾ- ਸਹਾਇਕ ਨਿਰਦੇਸ਼ਕ ਸੱਭਿਆਚਾਰਕ ਗਤੀਵਿਧੀਆਂ (ਕਾਰਜਸ਼ੀਲ)

  • ਅਸ਼ੀਸ਼ ਸ਼ਰਮਾ- ਪ੍ਰੋਗਰਾਮਰ (ਕਾਰਜਸ਼ੀਲ)

  • ਪ੍ਰਵੀਨ ਕੁਮਾਰ- ਸਾਬਕਾ ਕੰਸਟਲਟੈਂਟ

  • ਧਰਿੰਦਰ ਤਾਇਲ- ਸਾਬਕਾ ਜਨਰਲ ਸਕੱਤਰ


 

ਦਸੰਬਰ 2009 ਤੋਂ ਜਨਵਰੀ 2015 ਤੱਕ ਪੀ.ਟੀ.ਯੂ. ਦੇ ਵੀ.ਸੀ. ਰਹਿ ਚੁੱਕੇ ਡਾ. ਅਰੋੜਾ 'ਤੇ ਇਹ ਵੀ ਇਲਜ਼ਾਮ ਹਨ ਕਿ ਉਨ੍ਹਾਂ ਯੂਨੀਵਰਸਿਟੀ ਦੇ ਕਈ ਕੰਮ ਮਨਮਾਨੇ ਢੰਗ ਨਾਲ ਕਰ ਕੇ ਸਾਲ 2012-13 ਵਿੱਚ 2 ਕਰੋੜ 73 ਲੱਖ ਰੁਪਏ ਅਤੇ ਸਾਲ 2013-14 ਵਿੱਚ 6 ਕਰੋੜ 53 ਲੱਖ ਰੁਪਏ ਦੀਆਂ ਅਦਾਇਗੀਆਂ ਕੀਤੀਆਂ।

ਵਿਜੀਲੈਂਸ ਮੁਤਾਬਕ 10 ਸਤੰਬਰ 2012 ਨੂੰ ਮੁੱਖ ਸਕੱਤਰ ਪੰਜਾਬ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੇ ਹਲਫ਼ਨਾਮੇ 'ਚ ਸਪਸ਼ਟ ਤੌਰ 'ਤੇ ਲਿਖਿਆ ਸੀ ਕਿ ਉਨ੍ਹਾਂ ਵੱਲੋਂ ਯੂਨੀਵਰਸਿਟੀ ਨੂੰ ਕੰਸਲਟੈਂਟ ਦੀ ਨਿਯੁਕਤੀ ਨੂੰ ਤੁਰੰਤ ਵਾਪਸ ਲੈਣ ਦੀ ਹਦਾਇਤ ਕੀਤੀ ਗਈ ਸੀ ਪ੍ਰੰਤੂ ਇਹ ਨਿਯੁਕਤੀ ਵਾਪਸ ਨਹੀਂ ਲਈ ਗਈ। ਇਸ ਵਿਅਕਤੀ ਨੂੰ ਦਸੰਬਰ 2014 ਤੱਕ ਵੀ ਕੰਮਾਂ ਦੀ ਲਗਾਤਾਰ ਅਦਾਇਗੀ ਹੁੰਦੀ ਰਹੀ ਜੋ ਕਿ 24 ਕਰੋੜ ਰੁਪਏ ਬਣਦੀ ਹੈ। ਜਾਂਚ ਦੌਰਾਨ ਉਕਤ ਫ਼ਰਮ ਵੱਲੋਂ ਯੂਨੀਵਰਸਿਟੀਆਂ ਨੂੰ ਪ੍ਰਦਾਨ ਕੀਤੀਆਂ ਸੇਵਾਵਾਂ ਬਾਰੇ ਰਿਕਾਰਡ ਉਪਲਬਧ ਨਹੀਂ ਕਰਵਾਇਆ ਗਿਆ।

ਬੁਲਾਰੇ ਨੇ ਦੱਸਿਆ ਕਿ ਪੁਲਿਸ ਲਾਈਨ ਕਪੂਰਥਲਾ ਵਿੱਚ ਸੋਲਰ ਲਾਈਟਾਂ ਪਿੱਲਰਾਂ ਸਮੇਤ ਲਗਵਾਉਣ ਉੱਪਰ ਯੂਨੀਵਰਸਿਟੀ ਵੱਲੋਂ 5 ਲੱਖ 60 ਹਜ਼ਾਰ ਰੁਪਏ ਦੀ ਅਦਾਇਗੀ ਯੂਨੀਵਰਸਿਟੀ ਐਕਟ ਦੀ ਧਾਰਾ 4(17) ਦੇ ਖ਼ਿਲਾਫ਼ ਜਾ ਕੇ ਕੀਤੀ ਗਈ। ਪੀ.ਟੀ.ਯੂ. ਵੱਲੋਂ ਇਹ ਰਾਸ਼ੀ ਦੀ ਮਨਜ਼ੂਰੀ ਮਿਤੀ 08/11/2012 ਨੂੰ ਦਿੱਤੀ ਗਈ। ਸੋਲਰ ਲਾਈਟਾਂ ਦੀ ਅਦਾਇਗੀ ਸਬੰਧੀ ਗਠਿਤ ਕਮੇਟੀ ਦੇ ਕੁਝ ਮੈਂਬਰਾਂ ਨੇ ਆਪਣੀ ਸਹਿਮਤੀ ਵੀ ਪ੍ਰਗਟ ਨਹੀਂ ਕੀਤੀ ਸੀ ਪਰ ਫਿਰ ਵੀ ਯੂਨੀਵਰਸਿਟੀ ਵੱਲੋਂ ਇਸ ਰਾਸ਼ੀ ਦੀ ਅਦਾਇਗੀ ਕਰ ਦਿੱਤੀ ਗਈ। ਇਸ ਸਬੰਧੀ ਫਾਈਲ ਵੀ ਖ਼ੁਰਦ-ਬੁਰਦ ਕਰ ਦਿੱਤੀ ਗਈ।

ਜਾਂਚ ਮੁਤਾਬਕ ਡਾ. ਅਰੋੜਾ ਨੇ ਹੋਰ ਅਫ਼ਸਰਾਂ ਦੀ ਮਿਲੀਭੁਗਤ ਨਾਲ ਦਿੱਲੀ ਕੈਂਪ ਆਫ਼ਿਸ ਖੋਲ ਕੇ ਡੇਢ ਕਰੋੜ ਤੋਂ ਜ਼ਿਆਦਾ ਦੀ ਫ਼ਜ਼ੂਲ ਖਰਚੀ ਕੀਤੀ ਗਈ। ਵਿਜੀਲੈਂਸ ਦੀ ਤਫ਼ਤੀਸ਼ ਜਾਰੀ ਹੈ। ਇਸ ਮਾਮਲੇ ਵਿੱਚ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।