Punjab News: ਡੇਰਾ ਪ੍ਰੇਮੀ ਦੇ ਕਤਲ ਵਿੱਚ ਗੈਂਗਸਟਰ ਗੋਲਡੀ ਬਰਾੜ ਸਮੇਤ ਚਾਰ ਨਾਮਜ਼ਦ
ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਗੋਲਡੀ ਬਰਾੜ ਸਮੇਤ 4 ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਫ਼ਰੀਦਕੋਟ ਦੇ 2 ਤੇ ਮੋਗਾ ਦਾ 1 ਨੌਜਵਾਨ ਸ਼ਾਮਲ ਹੈ
ਫ਼ਰੀਦਕੋਟ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ
ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਗੋਲਡੀ ਬਰਾੜ ਸਮੇਤ 4 ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਫ਼ਰੀਦਕੋਟ ਦੇ 2 ਤੇ ਮੋਗਾ ਦਾ 1 ਨੌਜਵਾਨ ਸ਼ਾਮਲ ਹੈ
2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਉਰਫ਼ ਰਾਜੂ ਦੇ ਕਤਲ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ।
ਗੋਲਡੀ ਬਰਾੜ ਤੋਂ ਇਲਾਵਾ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਸੁਸਾਇਟੀ ਨਗਰ ਫਰੀਦਕੋਟ, ਭੁਪਿੰਦਰ ਸਿੰਘ ਗੋਲਡੀ ਵਾਸੀ ਸ਼ਹੀਦ ਬਲਵਿੰਦਰ ਸਿੰਘ ਨਗਰ ਅਤੇ ਹਰਜਿੰਦਰ ਸਿੰਘ ਉਰਫ ਰਾਜੂ ਵਾਸੀ ਮੋਗਾ ਦੇ ਪਿੰਡ ਮੁਨਾਵਾ ਦੇ ਨਾਂ ਸ਼ਾਮਲ ਹਨ।
ਘਟਨਾ ਵਾਲੇ ਦਿਨ ਹੀ ਪੁਲੀਸ ਨੂੰ ਦੋਵੇਂ ਨੌਜਵਾਨਾਂ ਫਰੀਦਕੋਟ ਦੇ ਰਹਿਣ ਵਾਲੇ ਹੋਣ ਬਾਰੇ ਸੁਰਾਗ ਮਿਲ ਗਿਆ ਸੀ ਅਤੇ ਪੁਲਿਸ ਨੇ ਦੋਵਾਂ ਨੌਜਵਾਨਾਂ ਦੇ ਘਰ ਛਾਪੇਮਾਰੀ ਵੀ ਕੀਤੀ ਸੀ।
ਮੋਗਾ ਦਾ ਹਰਜਿੰਦਰ ਸਿੰਘ ਫਰੀਦਕੋਟ ਜੇਲ 'ਚ ਬੰਦ ਸੀ ਅਤੇ ਇਸ ਸਮੇਂ ਮੋਗਾ ਪੁਲਸ ਦੇ ਰਿਮਾਂਡ 'ਤੇ ਹੈ। ਹਰਜਿੰਦਰ ਸਿੰਘ ਨੇ ਫਰੀਦਕੋਟ ਦੇ ਰਹਿਣ ਵਾਲੇ ਦੋਵੇਂ ਮੁਲਜ਼ਮ ਗੋਲਡੀ ਬਰਾੜ ਨਾਲ ਸੰਪਰਕ ਕੀਤਾ ਸੀ।
ਦੱਸ ਦਈਏ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਗਲੀਆਂ ਵਿੱਚ ਖਿਲਾਰ ਕੇ ਪਵਿੱਤਰ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਉਰਫ਼ ਰਾਜੂ ਨੂੰ ਵੀਰਵਾਰ ਛੇ ਹਥਿਆਰਬੰਦ ਨੌਜਵਾਨਾਂ ਨੇ ਸਵੇਰੇ 7 ਕੁ ਵਜੇ ਉਸ ਦੀ ਦੁਕਾਨ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਰਿਆਨੇ ਦੀ ਦੁਕਾਨ ਤੇ ਡੇਅਰੀ ਚਲਾਉਣ ਵਾਲੇ ਪ੍ਰਦੀਪ ਸਿੰਘ ਨੂੰ ਉਸ ਦੇ ਸੁਰੱਖਿਆ ਮੁਲਾਜ਼ਮ ਹਾਕਮ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਵੀ ਗੋਲੀ ਮਾਰ ਦਿੱਤੀ ਸੀ।
ਪ੍ਰਦੀਪ ਸਿੰਘ ਜਦੋਂ ਬਚਾਅ ਲਈ ਭੱਜਣ ਲਈ ਲੱਗਾ ਤਾਂ ਇੱਕ ਗੋਲੀ ਨੇੜੇ ਖੜ੍ਹੇ ਸਾਬਕਾ ਐਮਸੀ ਅਮਰ ਸਿੰਘ ਵਿਰਦੀ ਨੂੰ ਵੀ ਲੱਗ ਗਈ ਸੀ। ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਤਿੰਨੋਂ ਵਿਅਕਤੀਆਂ ਨੂੰ ਕੋਟਕਪੂਰਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਸੀ ਜਿੱਥੋਂ ਉਨ੍ਹਾਂ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ।