ਚੰਡੀਗੜ੍ਹ: ਭਾਰਤ ਤੇ ਖ਼ਾਸਕਰ ਪੰਜਾਬ ਵਿੱਚ ਲੜਕੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਛੱਡ ਕੇ ਭੱਜਣ ਵਾਲੇ NRI ਲਾੜਿਆਂ ਖਿਲਾਫ ਜ਼ਿਲ੍ਹਾ ਲੁਧਿਆਣਾ ਦੀ ਸਤਵਿੰਦਰ ਕੌਰ ਨੇ ਮੋਰਚਾ ਖੋਲ੍ਹਿਆ ਹੈ। ਉਹ ਨਾ ਸਿਰਫ ਖੁਦ ਇਸ ਖ਼ਿਲਾਫ਼ ਜੰਗ ਲੜ ਰਹੇ ਹਨ, ਬਲਕਿ ਆਪਣੀ ਸੰਸਥਾ ਅਬੰਡਿਡ ਬ੍ਰਾਈਡਸ ਬਾਏ ਐਨਆਰਆਈ ਹਸਬੈਂਡ ਇੰਟਰਨੈਸ਼ਨਲੀ (ਅਬਨਹੀਂ) ਜ਼ਰੀਏ ਹੋਰ ਪੀੜਤ ਮਹਿਲਾਵਾਂ ਦਾ ਵੀ ਸਹਾਰਾ ਬਣ ਰਹੇ ਹਨ।

ਲੁਧਿਆਣਾ ਦੇ ਪਿੰਡ ਟੂਸੇ ਦੀ 38 ਸਾਲਾ ਸਤਵਿੰਦਰ ਕੌਰ ਉਰਫ ਸੱਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਿਟਾਇਰਡ ਫੌਜੀ ਹਨ। ਫਰਵਰੀ 2009 ਵਿੱਚ ਉਨ੍ਹਾਂ ਦਾ ਕਾਲਜ ਵਿੱਚ ਪ੍ਰੋਫੈਸਰ ਰਹੇ ਲੁਧਿਆਣਾ ਦੇ ਰੜੀ ਮੁਹੱਲਾ ਦੇ ਅਰਵਿੰਦਰਪਾਲ ਸਿੰਘ ਨਾਲ ਵਿਆਹ ਹੋਇਆ। ਉਦੋਂ ਉਹ ਵੀ ਅਧਿਆਪਕਾ ਸਨ। ਉਸ ਪਿੱਛੋਂ 2010 ਵਿੱਚ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਛੱਡ ਕੇ ਵਿਦੇਸ਼ ਚਲਾ ਗਿਆ ਤੇ ਸਿਰਫ ਇੱਕ ਵਾਰ 2015 ’ਚ ਵਾਪਸ ਆਇਆ ਜਦੋਂ ਉਸ ਨੂੰ ਬੇਦਖ਼ਲ ਕੀਤਾ ਗਿਆ ਸੀ। ਉਹ ਇਨਸਾਫ ਲਈ ਦਰ-ਦਰ ਭਟਕੇ ਪਰ ਉਨ੍ਹਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ।

ਇਸ ਪਿੱਛੋਂ ਉਨ੍ਹਾਂ ਸੋਚਿਆ ਕਿ ਇਹ ਲੜਾਈ ਇਕੱਲਿਆਂ ਨਹੀਂ ਲੜੀ ਜਾ ਸਕਦੀ। ਇਸ ਲਈ ਉਨ੍ਹਾਂ ਨੇ ਇੱਕ ਸੰਸਥਾ ਬਣਾਈ ਜੋ ਸਿਰਫ NRI ਲਾੜਿਆਂ ਦੀਆਂ ਪੀੜਤਾਂ ਲਈ ਕੰਮ ਕਰਦੀ ਹੈ। ਹੁਣ ਤਕ ਉਨ੍ਹਾਂ ਦੀ ਸੰਸਥਾ ਕਰੀਬ 50 NRI ਲਾੜਿਆਂ ਦੇ ਪਾਸਪੋਰਟ ਰੱਦ ਕਰਵਾ ਚੁੱਕੀ ਹੈ। ਸੱਤੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ NRI ਸੰਮੇਲਨਾਂ, NRI ਥਾਣਿਆਂ, ਸੋਸ਼ਲ ਮੀਡੀਆ ਤੇ ਹੋਰ ਮਾਧਿਅਮ ਜ਼ਰੀਏ ਪੀੜਤ ਔਰਤਾਂ ਦੀ ਤਲਾਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ NRI ਵਿੰਗ ਉਨ੍ਹਾਂ ਦੀ ਮਦਦ ਕਰਦਾ ਹੈ ਪਰ ਹਾਲ਼ੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ।