ਰੌਬਟ ਦੀ ਰਿਪੋਰਟ


ਚੰਡੀਗੜ੍ਹ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਅੰਨਦੋਲਨਕਾਰੀ ਕਿਸਾਨਾਂ ਨੇ ਹੁਣ ਪੰਜਾਬ ਅੰਦਰ ਮਾਲ ਗੱਡੀਆਂ ਨੂੰ ਛੋਟ ਦੇ ਦਿੱਤੀ ਹੈ।ਬੁੱਧਵਾਰ ਨੂੰ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਦੇ ਪੰਜਾਬ ਕਿਸਾਨ ਭਵਨ ਵਿੱਚ ਸਾਂਝੀ-ਮੀਟਿੰਗ ਹੋਈ।ਜਿਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਅੱਗਲੇ 15 ਦਿਨ ਯਾਨੀ 20 ਨਵੰਬਰ ਤੱਕ ਮਾਲ-ਗੱਡੀਆਂ ਨੂੰ ਛੋਟ ਦਿੱਤੇ ਜਾਣ ਦਾ ਫੈਸਲਾ ਕੀਤਾ ਹੈ।ਹਾਲਾਂਕਿ ਯਾਤਰੀ ਟ੍ਰੇਨਾਂ ਤੇ ਰੋਕ ਜਾਰੀ ਰਹੇਗੀ।

ਬੁੱਧਵਾਰ ਨੂੰ ਹੀ ਕੇਂਦਰ ਸਰਕਾਰ ਨੇ ਪੰਜਾਬ 'ਚ ਰੇਲ ਆਵਾਜਾਈ ਚਾਲੂ ਕਰਵਾਉਣ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਸੀ।ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਪੰਜਾਬ ਅੰਦਰ ਰੇਲਵੇ ਟ੍ਰੈਕ ਖਾਲੀ ਕਰਵਾਉਣ ਦੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੈ।ਕੇਂਦਰੀ ਮੰਤਰੀ ਨੇ ਕਿਹਾ ਕਿ ਰੇਲ ਚਾਲੂ ਕਰਨਾ ਸਾਰਿਆਂ ਦੇ ਹਿੱਤ ਵਿੱਚ ਹੈ ਪਰ ਇਸਦੇ ਲਈ ਸੂਬਾ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਟ੍ਰੈਕ ਖਾਲੀ ਕਰਵਾਉਣੇ ਚਾਹੀਦੇ ਹਨ।

ਉਧਰ ਉੱਤਰੀ ਰੇਲਵੇ ਦੇ CPRO ਨੇ ਅੱਜ ਇੱਕ ਬਿਆਨ ਰਾਹੀਂ ਕਿਹਾ ਕਿ ਰੇਲਵੇ ਟ੍ਰੇਨਾਂ ਚਾਲੂ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਅਤੇ ਸਮਰਥ ਹੈ।ਪਰ ਲੋਕ ਰੇਲਵੇ ਟ੍ਰੈਕ ਅਤੇ ਸਟੇਸ਼ਨਾਂ ਤੇ ਹਨ ਐਸੇ ਹਲਾਤਾਂ ਵਿੱਚ ਟ੍ਰੇਨ ਚਲਾਉਣੀ ਸੰਭਵ ਨਹੀਂ ਹੈ।CPRO ਨੇ ਕਿਹਾ ਅੱਜ ਦੀ ਰਿਪੋਰਟ ਮੁਤਾਬਿਕ 32 ਥਾਵਾਂ ਤੇ ਕਿਸਾਨ ਪੱਕਾ ਮੋਰਚਾ ਲਾ ਕੇ ਬੈਠੇ ਹਨ।ਉਨ੍ਹਾਂ ਦੱਸਿਆ ਕਿ 200 ਤੋਂ ਵੱਧ ਟ੍ਰੇਨਾਂ ਕੋਲਾ, ਖਾਦ, ਪੈਟਰੋਲਿਅਮ ਆਦਿ ਨਾਲ ਤਿਆਰ ਖੜ੍ਹੀਆਂ ਹਨ।CPRO ਨੇ ਕਿਹਾ ਜਿਦਾਂ ਹੀ ਟ੍ਰੈਕ ਖਾਲੀ ਹੋਣਗੇ ਉਸੇ ਵਕਤ ਟ੍ਰੇਨਾਂ ਨੂੰ ਰਵਾਨਾ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਰੇਲਵੇ ਨੂੰ ਟ੍ਰੇਨਾਂ ਨਾ ਚੱਲਣ ਕਾਰਨ 1200 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਪੰਜਾਬ 'ਚ ਕਦੋਂ ਬੰਦ ਹੋਈ ਰੇਲ ਸੇਵਾ ਤੇ ਕਿਉਂ?
ਪੰਜਾਬ ਅੰਦਰ 24 ਅਕਤੂਬਰ ਤੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੈ।ਕੇਂਦਰ ਦੇ ਵਿਵਾਦਪੂਰਨ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ।ਜਿਸ ਦੌਰਾਨ ਕਿਸਾਨਾਂ ਨੇ 33 ਮਿੱਥੀਆਂ ਥਾਵਾਂ ਤੇ ਮੋਰਚਾ ਲਾਇਆ ਸੀ। 21 ਅਕਤੂਬਰ ਨੂੰ ਕਿਸਾਨਾਂ ਨੇ ਰੇਲਵੇ ਟ੍ਰੈਕ ਖਾਲੀ ਕਰਨ ਦਾ ਫੈਸਲਾ ਕੀਤਾ ਸੀ।ਜਿਸ ਮਗਰੋਂ 22 ਅਤੇ 23 ਅਕਤੂਬਰ ਨੂੰ ਪੰਜਾਬ ਅੰਦਰ 173 ਮਾਲ ਗੱਡੀਆਂ ਚੱਲੀਆਂ ਸੀ।ਜਿਸ ਮਗਰੋਂ ਫਿਰੋਜ਼ਪੁਰ ਡਵੀਜ਼ਨ ਦੇ DRM ਰਾਜੇਸ਼ ਅਗਰਵਾਲ ਨੇ ਦਾਅਵਾ ਕੀਤਾ ਕੀ ਕੁਝ ਕਿਸਾਨਾਂ ਨੇ ਰੱਖ-ਰਖਾਅ ਦੇ ਕੰਮ ਲਈ ਜਾ ਰਹੀ ਖਾਲੀਯਾਤਰੀ ਰੇਲਗੱਡੀ ਨੂੰ ਰੋਕਿਆ।ਇਸ ਦੇ ਨਾਲ ਹੀ ਉਨ੍ਹਾਂ 22 ਅਕਤੂਬਰ ਨੂੰ ਕੁਝ ਮਾਲ ਗੱਡੀਆਂ ਰੋਕੇ ਜਾਣ ਦੀ ਵੀ ਗੱਲ ਕੀਤੀ।ਜਿਸ ਮਗਰੋਂ ਕੇਂਦਰ ਸਰਕਾਰ ਨੇ 24 ਅਕਤੂਬਰ ਤੋਂ ਪੰਜਾਬ ਅੰਦਰ ਰੇਲ ਆਵਾਜਾਈ ਤੇ ਰੋਕ ਲਾ ਦਿੱਤੀ।DRM ਨੇ ਕਿਹਾ ਕਿ ਇਸ ਤਰ੍ਹਾਂ ਨਾਲ ਰੇਲ ਸੇਵਾ ਚਾਲੂ ਨਹੀਂ ਕੀਤੀ ਜਾ ਸਕਦੀ ਸਾਨੂੰ ਨਿਰਵਿਘਨ ਰੇਲ ਸੇਵਾ ਲਈ ਟ੍ਰੈਕ ਖਾਲੀ ਚਾਹੀਦੇ ਹਨ।

ਪੰਜਾਬ 'ਚ ਚੱਲਦੀਆਂ ਰੋਜ਼ਾਨਾਂ 300 ਤੋਂ ਵੱਧ ਟ੍ਰੇਨਾਂ
ਪੰਜਾਬ ਵਿਚੋਂ ਔਸਤਨ 28 ਮਾਲ ਗੱਡੀਆਂ ਅਤੇ 300 ਯਾਤਰੀ ਟ੍ਰੇਨਾਂ ਰੋਜ਼ਾਨਾ ਲੰਘਦੀਆਂ ਹਨ।

ਮਾਲ ਗੱਡੀਆਂ ਬੰਦ ਹੋਣ ਨਾਲ ਪੰਜਾਬ 'ਚ ਕੀ ਅਸਰ?

ਕੋਲੇ ਦੀ ਕਮੀ ਨਾਲ ਪੰਜਾਬ ਅੰਦਰ ਥਰਮਲ ਪਾਵਰ ਪ੍ਰੋਡਕਸ਼ਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਮੰਗਲਵਾਰ ਨੂੰ ਪੰਜਾਬ ਦਾ ਆਖ਼ਰੀ ਥਰਮਲ ਪਾਵਰ ਪਲਾਂਟ ਜੀਵੀਕੇ ਵੀ ਬੰਦ ਹੋ ਗਿਆ ਜਿਸ ਮਗਰੋਂ ਥਰਮਲ ਪਲਾਂਟਾਂ ਕੋਲ ਕੋਲੇ ਦੇ ਭੰਡਾਰ ਖਤਮ ਹੋਣ ਕਰਕੇ ਅੱਜ ਬਿਜਲੀ ਕੱਟ ਸ਼ੁਰੂ ਹੋ ਗਏ ਹਨ। ਪੰਜਾਬ ਰਾਜ ਬਿਜਲੀ ਬੋਰਡ ਨੇ ਪਿੰਡਾਂ ਵਿੱਚ 4 ਤੋਂ 5 ਅਤੇ ਸ਼ਹਿਰੀ ਇਲਾਕਿਆਂ ਵਿੱਚ 1 ਤੋਂ 2 ਘੰਟੇ ਦੇ ਪਾਵਰ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ।ਉਧਰ ਖਾਦ ਦੀ ਕਮੀ ਨੇ ਕਿਸਾਨਾਂ ਦੀ ਵੀ ਚਿੰਤਾ ਵਧਾਈ ਹੈ।