ਸ੍ਰੀ ਮੁਕਤਸਰ ਸਾਹਿਬ: ਪੰਜਾਬ ਦਾ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਦੁਪਹਿਰ ਬਾਅਦ ਪਿੰਡ ਸਰਾਵਾਂ ਬੋਦਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪੰਜਾਬ ਪੁਲੀਸ ਵੱਲੋਂ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਉਸਦੀ ਮ੍ਰਿਤਕ ਦੇਹ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਇਸ ਮੌਕੇ ਸ਼ਮਸ਼ਾਨਘਾਟ ਦੇ ਚਾਰ-ਚੁਫੇਰੇ ਭਾਰੀ ਪੁਲਿਸ ਤਾਇਨਾਤ ਸੀ ਤੇ ਹਰ ਬਾਹਰੋਂ ਆਏ ਨੌਜਾਵਨ 'ਤੇ ਅੱਖ ਰੱਖੀ ਜਾ ਰਹੀ ਸੀ।
ਪੁਲੀਸ ਨੇ ਕੱਲ੍ਹ ਹੀ ਪਿੰਡ ਸਰਾਵਾਂ ਬੋਦਲਾ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਪੁਲਿਸ ਤਾਇਨਾਤ ਕਰ ਦਿੱਤੀ ਸੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਹੀ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਕਿ ਪਿੰਡ ਵਾਸੀਆਂ ਨੂੰ ਕੋਈ ਸਮੱਸਿਆ ਨਾ ਆਵੇ।
ਪੰਜਾਬ ਦੇ ਪ੍ਰਸਿੱਧ ਗੈਂਗਸਟਰ ਵਿੱਕੀ ਗੌਂਡਰ ਦੀ ਸ਼ੁੱਕਰਵਾਰ ਨੂੰ ਪੁਲਿਸ ਮੁਕਾਬਲੇ 'ਚ ਮੌਤ ਹੋ ਗਈ ਸੀ।ਪੁਲਿਸ ਮੁਕਾਬਲੇ ਦੌਰਾਨ ਵਿੱਕੀ ਗੌਂਡਰ ਦੇ ਨਾਲ ਹੀ ਉਸ ਦਾ ਸਾਥੀ ਗੈਂਗਸਟਰ ਪ੍ਰੇਮਾ ਲਹੌਰੀਆ ਵੀ ਮਾਰਿਆ ਗਿਆ ਸੀ। ਇਨ੍ਹਾਂ ਦੀ ਮੌਤ ਪੰਜਾਬ-ਰਾਜਸਥਾਨ ਬਾਰਡਰ 'ਤੇ ਪੁਲਿਸ ਮੁਕਾਬਲੇ ਦੌਰਾਨ ਹੋਈ ਹੈ।
ਵਿੱਕੀ ਗੌਂਡਰ ਤੇ ਸਾਥੀਆਂ ਦੇ ਮਾਰੇ ਜਾਣ ਤੋਂ ਬਾਅਦ ਖੁੱਬਣ ਗਰੁੱਪ ਦੇ ਗੈਂਗਸਟਰਾਂ ਵੱਲੋਂ ਦਿੱਤੀ ਬਦਲਾ ਲੈਣ ਦੀ ਧਮਕੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸ਼ਹਿਰਾਂ ਵਿਚ ਚੌਕਸੀ ਵਧਾ ਦਿੱਤੀ ਹੈ। ਸਾਰੇ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਰਾਹਗੀਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਨੌਜਵਾਨਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।