ਜਲੰਧਰ: ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਪ੍ਰੇਮਾ ਲਾਹੌਰੀਆ ਦਾ ਜਲੰਧਰ ਦੇ ਬਸਤੀ ਗੂੰਜਾਂ ਵਿੱਚ ਐਤਵਾਰ ਸ਼ਾਮ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪ੍ਰੇਮ ਸਿੰਘ ਉਰਫ ਪ੍ਰੇਮਾ ਲਾਹੌਰੀਆ ਦੇ ਵੱਡੇ ਭਰਾ ਗੁਰਪੂਰਣ ਸਿੰਘ ਨੇ ਚਿਤਾ ਨੂੰ ਅੱਗ ਦਿੱਤੀ।
ਬੀਤੇ ਕੱਲ੍ਹ ਦੇਰ ਰਾਤ ਪਰਿਵਾਰ ਪ੍ਰੇਮਾ ਦੀ ਲਾਸ਼ ਲੈ ਕੇ ਆ ਗਿਆ ਸੀ। ਸਵੇਰੇ ਤੋਂ ਹੀ ਇੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸਵੇਰੇ ਕਰੀਬ 10 ਵਜੇ ਪ੍ਰੇਮਾ ਦੇ ਘਰ ਦੇ ਬਾਹਰ ਪੁਲਿਸ ਸੁਰੱਖਿਆ ਲਗਾ ਦਿੱਤੀ ਗਈ। ਥੋੜ੍ਹੀ ਦੇਰ ਬਾਅਦ ਜਦੋਂ ਉੱਥੇ ਭੀੜ ਵਧੀ ਤਾਂ ਪੁਲਿਸ ਨੂੰ ਹਟਾ ਦਿੱਤਾ ਗਿਆ। ਪਰ ਅੰਤਿਮ ਸੰਸਕਾਰ ਹੋਣ ਤੱਕ ਪੁਲਿਸ ਸਿਵਿਲ ਵਰਦੀ ਵਿੱਚ ਉੱਥੇ ਤਾਇਨਾਤ ਰਹੀ।
ਚਾਰ ਭੈਣਾ-ਭਰਾਵਾਂ ਵਿੱਚੋਂ ਪ੍ਰੇਮਾ ਸਭ ਤੋਂ ਛੋਟਾ ਸੀ। ਵੱਡਾ ਭਰਾ ਖੇਤੀ ਕਰਦਾ ਹੈ ਅਤੇ ਭੈਣਾਂ ਵਿਆਹ ਤੋਂ ਬਾਅਦ ਆਪੋ-ਆਪਣੇ ਘਰ ਰਹਿ ਰਹੀਆਂ ਹਨ। ਪ੍ਰੇਮਾ ਜਲੰਧਰ ਦੇ ਸਪੋਰਟਸ ਕਾਲਜ ਵਿੱਚ ਹੀ ਪੜ੍ਹਿਆ ਹੈ। ਇੱਥੇ ਹੀ ਉਹ ਸੁੱਖਾਂ ਕਾਹਲਵਾਂ ਅਤੇ ਗੌਂਡਰ ਦਾ ਦੋਸਤ ਬਣਿਆ ਸੀ। ਬੀਤੇ ਸ਼ੁੱਕਰਵਾਰ ਪੁਲਿਸ ਨੇ ਗੌਂਡਰ ਤੇ ਲਾਹੌਰੀਏ ਨੂੰ ਮੁਕਾਬਲੇ ਦੌਰਾਨ ਮਾਰ ਮੁਕਾਇਆ ਸੀ।