ਚੰਡੀਗੜ੍ਹ: ਇਤਿਹਾਸਕ ਸ਼ਹਿਰ ਪਟਿਆਲਾ ਵਿੱਚ ਇੱਕ ਵਾਰ ਫਿਰ ਸਰਸ ਕਮ ਹੈਰੀਟੇਜ ਮੇਲਾ ਆਪਣੀ ਸ਼ਾਨ ਬਿਖੇਰਣ ਜਾ ਰਿਹਾ ਹੈ। 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਸਰਸ ਮੇਲੇ 'ਚ 12 ਰਾਜਾਂ ਦੇ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਝਾਰਖੰਡ, ਮਣੀਪੁਰ, ਓੜੀਸਾ, ਆਸਾਮ, ਆਂਧਰਾ ਪ੍ਰਦੇਸ਼, ਛੱਤਸ਼ੀਗੜ੍ਹ ਸ਼ਾਮਲ ਹਨ।



ਅਧਿਕਾਰੀਆਂ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਤੇ ਨਾਲ ਲੱਗਦੇ ਸ਼ਹਿਰਾਂ ਵਿੱਚ ਸਰਸ ਕਮ ਹੈਰੀਟੇਜ਼ ਮੇਲੇ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਰਵਾਇਤੀ ਪ੍ਰਚਾਰ ਦੇ ਨਾਲ ਸ਼ੋਸ਼ਲ ਮੀਡੀਆ ਦਾ ਵੀ ਇਸਤੇਮਾਲ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੀ ਵਿਰਾਸਤ ਤੇ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ ਲੋਕ ਕਲਾਵਾਂ ਬਾਰੇ ਸਾਡੇ ਨੌਜਵਾਨਾ ਨੂੰ ਵੱਧ ਤੋਂ ਵੱਧ ਜਾਣਕਾਰੀ ਹੋ ਸਕੇ ਇਸ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਮਾਰਚ ਤੱਕ ਚੱਲਣ ਵਾਲੇ ਸਰਸ ਮੇਲੇ ਨੂੰ ਲੈ ਕੇ ਜਲਦੀ ਹੀ ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਪੇਜ ਬਣਾ ਕੇ ਮੇਲੇ ਦੌਰਾਨ ਹਰ ਰੋਜ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਜਾਵੇਗੀ।



ਉਨ੍ਹਾਂ ਕਿਹਾ ਕਿ ਪਟਿਆਲਾ ਤੇ ਨੇੜਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਇਨ੍ਹਾਂ ਪੇਜਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਮੇਲੇ ਦੀ ਪੁਹੰਚ ਵਧਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਜਿਥੇ ਨੂਰਾਂ ਸਿਸਟਰਜ਼, ਸ਼ੈਰੀ ਮਾਨ ਵਰਗੇ ਉਘੇ  ਕਲਾਕਾਰਾਂ ਦੀਆਂ ਸੰਗੀਤ ਮਈ ਸ਼ਾਮ ਹੋਣਗੀਆਂ ਉੱਥੇ ਹੀ ਕਾਲਜਾਂ ਦੇ ਵਿਦਿਆਰਥੀਆਂ ਦੇ ਸਭਿਆਚਾਰ ਮੁਕਾਬਲੇ ਵੀ ਕਰਵਾਏ ਜਾਣਗੇ।