ਚੰਡੀਗੜ੍ਹ: ਗਣਤੰਤਰ ਦਿਵਸ ਵਾਲੇ ਦਿਨ ਫੇਸਬੁੱਕ ਅਕਾਊਂਟ 'ਤੇ ਖਾਲਿਸਤਾਨੀ ਦੇ ਝੰਡੇ ਨੂੰ ਸਾਲਮੀ ਦੇਣ ਵਾਲਿਆਂ ਦੀ ਪੰਜਾਬ ਪੁਲੀਸ ਨੇ ਭਾਲ ਸ਼ੁਰੂ ਕਰ ਦਿੱਤੀ ਹੈ। ਖ਼ੁਫੀਆ ਵਿਭਾਗ ਦੇ ਸੂਤਰਾਂ ਮੁਤਾਬਕ ਸਾਰੀ ਛਾਣਬੀਨ ਤੋਂ ਬਾਅਦ ਇਨ੍ਹਾਂ ਲੋਕਾਂ ਖ਼ਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ। ਜ਼ੋਰਾਵਰ ਸਿੰਘ ਦੇ ਨਾਂ ਦੇ ਪੇਜ 'ਤੇ ਗਣਤੰਤਰ ਦਿਵਸ ਮੌਕੇ ਖਾਲਿਸਤਾਨੀ ਪੱਖੀ ਕੁਝ ਵਿਅਕਤੀਆਂ ਕੇਸਰੀ ਰੰਗ ਦਾ ਝੰਡਾ ਝੁਲਾਇਆ ਸੀ। ਇਸ 'ਤੇ 'ਖਾਲਿਸਤਾਨ ਜ਼ਿੰਦਾਬਾਦ' ਲਿਖਿਆ ਹੋਇਆ ਸੀ। ਕੁਝ ਲੋਕ ਖਾਲਿਸਤਾਨ ਦੇ ਝੰਡੇ ਨੂੰ ਸਲੂਟ ਮਾਰਦੇ ਨਜ਼ਰ ਆ ਰਹੇ ਸਨ।
ਜ਼ੋਰਾਵਰ ਸਿੰਘ ਦੇ ਨਾਂ ਦੇ ਪੇਜ 'ਤੇ ਖਾਲਿਸਤਾਨ ਦੀ ਹਮਾਇਤ ਕਰ ਰਹੇ ਕੁਝ ਵਿਅਕਤੀਆਂ ਵੱਲੋਂ ਇਕ ਵੀਡੀਓ ਪਾਈ ਗਈ ਹੈ, ਜਿਸ ਵਿਚ ਸਾਰੇ ਵਿਅਕਤੀ ਖਾਲਿਸਤਾਨੀ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਝੰਡੇ ਨੂੰ ਸਲੂਟ ਮਾਰਦੇ ਹਨ।
ਸੂਤਰਾਂ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਦੀ ਹੈ, ਪਰ ਆਨ ਰਿਕਾਰਡ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ 'ਚ ਖਾਲਿਸਤਾਨ ਨਾਂਅ ਦੀ ਕੋਈ ਚੀਜ਼ ਨਹੀਂ ਹੈ ਤੇ ਕਈ ਖਾਲਿਸਤਾਨੀਆਂ ਖ਼ਿਲਾਫ ਕਾਰਵਾਈ ਵੀ ਕਰ ਚੁੱਕੇ ਹਨ। ਕੈਪਟਨ ਸਰਕਾਰ ਨੇ ਹੀ ਪੰਜਾਬ 'ਚੋਂ 2020 ਰੈਫਰੈਂਡਮ ਦੇ ਪੋਸਟਰ ਉਤਰਵਾਏ ਸਨ।