ਬਠਿੰਡਾ: ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਆਜ਼ਾਦ ਹਿੰਦ ਫੌਜ ਦਾ ਸੰਸਥਾਪਕ ਸਮਝਿਆ ਜਾਂਦਾ ਹੈ ਪਰ ਬਠਿੰਡਾ ਦੇ ਕੋਟਭਾਈ ਵਾਸ ਲਖਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪੜਦਾਦੇ ਨੇ ਇੰਡੀਅਨ ਨੈਸ਼ਨਲ ਆਰਮੀ ਦੀ ਨੀਂਹ 18 ਜਨਵਰੀ, 1942 ਨੂੰ ਰੱਖੀ ਸੀ।
ਜੇਕਰ ਇੰਟਰਨੈੱਟ ਨੂੰ ਖੰਘਾਲੀਏ ਤਾਂ ਆਜ਼ਾਦ ਹਿੰਦ ਫੌਜ ਤੇ ਗਿਆਨੀ ਪ੍ਰੀਤਮ ਸਿੰਘ ਢਿੱਲੋਂ ਦੇ ਨੇੜਲੇ ਰਿਸ਼ਤੇ ਬਾਰੇ ਪਤਾ ਲੱਗਦਾ ਹੈ। ਲਖਵਿੰਦਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਪੜਦਾਦਾ ਗਿਆਨੀ ਪ੍ਰੀਤਮ ਸਿੰਘ ਢਿੱਲੋਂ ਉਸ ਵੇਲੇ ਆਜ਼ਾਦੀ ਦੇ ਪਰਵਾਨਿਆਂ ਵਿੱਚੋਂ ਮੋਹਰੀ ਸਨ। ਉਨ੍ਹਾਂ ਨੇ ਇੰਡੀਅਨ ਨੈਸ਼ਨਲ ਆਰਮੀ ਦੀ ਨੀਂਹ ਰੱਖੀ ਸੀ।
ਉਸ ਦਾ ਕਹਿਣਾ ਹੈ ਕਿ ਉਸ ਦੇ ਪੜਦਾਦਾ ਗਿਆਨੀ ਪ੍ਰੀਤਮ ਸਿੰਘ ਨੇ ਪਹਿਲਾਂ ਤੋਂ ਹੀ ਜਨਰਲ ਮੋਹਨ ਸਿੰਘ ਦੇ ਕਹਿਣ 'ਤੇ ਇੰਡੀਅਨ ਨੈਸ਼ਨਲ ਆਰਮੀ ਦਾ ਹਿੱਸਾ ਬਣਨ ਆਏ ਲੋਕਾਂ ਨੂੰ ਸਿਖਲਾਈ ਦਿੰਦੇ ਸਨ। ਇਸੇ ਲਈ ਜਨਰਲ ਮੋਹਨ ਨੇ ਉਨ੍ਹਾਂ ਨੂੰ ਇੰਡੀਅਨ ਨੈਸ਼ਨਲ ਆਰਮੀ ਦਾ ਸੰਸਥਾਪਕ ਬਣਾਇਆ। ਵੈਸੇ ਇਹ ਕਿਹਾ ਜਾਂਦਾ ਹੈ ਕਿ ਇੰਡੀਅਨ ਨੈਸ਼ਨਲ ਆਰਮੀ (ਪਹਿਲੀ) ਦੀ ਸਥਾਪਨਾ ਜਨਰਲ ਮੋਹਨ ਸਿੰਘ ਨੇ ਰੱਖੀ ਸੀ ਤੇ ਦੂਜੀ ਵਾਰ ਇਸ ਨੂੰ ਸੁਭਾਸ਼ ਚੰਦਰ ਬੋਸ ਨੇ ਸੰਗਠਿਤ ਕੀਤਾ ਸੀ।
ਲਖਵਿੰਦਰ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ 1943 ਵਿੱਚ ਬਰਲਿਨ ਵਿੱਚ ਜਦੋਂ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਜਾਂ ਆਜ਼ਾਦ ਹਿੰਦ ਫੌਜ ਦਾ ਐਲਾਨ ਕੀਤਾ ਸੀ ਤਾਂ ਆਪਣੇ ਭਾਸ਼ਨ ਵਿੱਚ ਇਹ ਕਿਹਾ ਸੀ ਕਿ ਉਹ ਗਿਆਨੀ ਪ੍ਰੀਤਮ ਸਿੰਘ ਵੱਲੋਂ ਤਿਆਰ ਕੀਤੀ ਇੰਡੀਅਨ ਨੈਸ਼ਨਲ ਆਰਮੀ ਦੀ ਕਮਾਨ ਸੰਭਾਲਣ ਲੱਗਿਆਂ ਮਾਣ ਮਹਿਸੂਸ ਕਰ ਰਹੇ ਹਨ। ਉਸ ਨੇ ਇਹ ਵੀ ਕਿਹਾ ਕਿ ਅਜਿਹਾ ਇੱਕ ਕਿਤਾਬ ਵਿੱਚ ਵੀ ਲਿਖਿਆ ਹੋਇਆ ਹੈ।
ਲਖਵਿੰਦਰ ਨੇ ਕਿਹਾ ਕਿ ਉਸ ਨੇ ਸਮੇਂ ਸਮੇਂ 'ਤੇ ਪੰਜਾਬ ਦੇ ਕਈ ਮੁੱਖ ਮੰਤਰੀਆਂ ਕੋਲ ਪਹੁੰਚ ਕੀਤੀ ਹੈ ਪਰ ਇਸ ਬਾਰੇ ਕੋਈ ਹੱਲ ਨਹੀਂ ਨਿਕਲਿਆ। ਉਸ ਨੇ ਦੱਸਿਆ ਕਿ ਉਸ ਦੇ ਪੜਦਾਦੇ ਨੂੰ ਇੱਕ ਸ਼ਹੀਦ ਤੇ ਆਜ਼ਾਦੀ ਘੁਲਾਟੀਏ ਵਾਲਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਜਿਸ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।