ਜਲਾਲਾਬਾਦ: ਰਿਸ਼ਵਤਖੋਰ ਥਾਣਾ ਮੁਖੀ ਨੂੰ ਗ੍ਰਿਫਤਾਰ ਕਰਨ ਗਈ ਵਿਜੀਲੈਂਸ ਤੇ ਪੁਲਿਸ ਦੀ ਸਾਂਝੀ ਟੀਮ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਰਿਸ਼ਵਤ ਦੇ ਨਾਲ-ਨਾਲ ਮੁਲਜ਼ਮ ਸਾਹਿਬ ਸਿੰਘ ਕੋਲੋਂ ਕਈ ਨਸ਼ੇ ਤੇ ਮੋਬਾਈਲ ਫੋਨ ਬਰਾਮਦ ਹੋਏ। ਜਲਾਲਾਬਾਦ ਦੇ ਨੇੜਲੇ ਕਸਬੇ ਅਮੀਰ ਖਾਸ ਦੇ ਥਾਣਾ ਮੁਖੀ ਸਾਹਿਬ ਸਿੰਘ ਨੂੰ 50,000 ਰੁਪਏ ਰਿਸ਼ਵਤ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਗਿਆ ਸੀ।
ਬੀਤੀ ਦੇਰ ਰਾਤ ਤਕਰੀਬਨ 12 ਵਜੇ ਉਪ ਪੁਲਿਸ ਕਪਤਾਨ ਜਲਾਲਾਬਾਦ ਸ਼ਹਿਰ ਤੇ ਵਿਜੀਲੈਂਸ ਦੀ ਟੀਮ ਵੱਲੋਂ ਉਸ ਦੇ ਘਰ ਛਾਪਾ ਮਾਰਿਆ ਗਿਆ। ਇੱਥੋਂ ਟੀਮ ਨੂੰ ਕਈ ਹੈਰਾਨੀਜਨਕ ਚੀਜ਼ਾਂ ਪ੍ਰਾਪਤ ਹੋਈਆਂ। ਟੀਮ ਨੂੰ ਇੱਥੋਂ 12 ਗ੍ਰਾਮ ਚਿੱਟਾ ਪਾਊਡਰ, ਅੱਧਾ ਕਿੱਲੋ ਚੂਰਾ-ਪੋਸਤ, 9 ਪੱਤੇ ਨਸ਼ੇ ਦੀਆਂ ਗੋਲੀਆਂ, 6 ਬੋਤਲਾਂ ਅੰਗਰੇਜ਼ੀ ਸ਼ਰਾਬ ਤੇ 15 ਮੋਬਾਈਲ ਬਰਾਮਦ ਹੋਏ ਹਨ। ਇਨ੍ਹਾਂ ਵਿੱਚੋਂ ਕੋਈ ਇੱਕ ਚੀਜ਼ ਹੀ ਕਿਸ ਵਿਅਕਤੀ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਕਾਫੀ ਹੈ ਤੇ ਇੱਥੇ ਤਾਂ ਕਈ ਤਰ੍ਹਾਂ ਦੇ ਨਸ਼ੇ ਬਰਾਮਦ ਹੋਏ ਹਨ।
ਟੀਮ ਨੇ ਦੱਸਿਆ ਕਿ ਉਕਤ ਸਮਾਨ ਸਾਹਿਬ ਸਿੰਘ ਦੇ ਕਿਰਾਏ ਵਾਲੇ ਕਮਰੇ 'ਚੋਂ ਬਰਾਮਦ ਕੀਤਾ ਗਿਆ ਹੈ। ਉਹ ਤਕਰੀਬਨ ਡੇਢ ਮਹੀਨੇ ਤੋਂ ਇਸ ਕਮਰੇ ਵਿੱਚ ਰਹਿ ਰਿਹਾ ਸੀ। ਜ਼ਬਤ ਕੀਤੇ ਸਮਾਨ ਦੇ ਨਮੂਨੇ ਜਾਂਚ ਲਈ ਲੈਬੌਰਟਰੀ ਵਿੱਚ ਵੀ ਭੇਜੇ ਗਏ ਹਨ। ਇੱਕ ਥਾਣਾ ਮੁਖੀ ਦੇ ਘਰ ਤੋਂ ਅਜਿਹੀਆਂ ਚੀਜ਼ਾਂ ਮਿਲਣੀਆਂ ਇਹ ਇਸ਼ਾਰਾ ਕਰ ਰਹੀਆਂ ਹਨ ਕਿ ਪੁਲਿਸ ਦੇ ਨਸ਼ਾ ਤਸਕਰ ਕਿਤੇ ਇੱਕੋ ਥਾਲੀ ਵਿੱਚ ਨਹੀਂ ਖਾਂਦੇ...?