ਵਾਸ਼ਿੰਗਟਨ: ਇੱਕ ਤੋਂ ਬਾਅਦ ਇੱਕ ਆਏ ਸਮੁੰਦਰੀ ਤੁਫਾਨਾਂ ਤੇ ਹੜ੍ਹਾਂ ਦੇ ਝੰਬੇ ਅਮਰੀਕੀਆਂ ਦੀ ਮਦਦ ਲਈ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਲੋਕ ਅੱਗੇ ਆਉਣੇ ਸ਼ੁਰੂ ਹੋ ਗਏ ਹਨ। ਆਪਣੀ ਸੇਵਾ ਭਾਵਨਾ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਸਿੱਖਾਂ ਨੇ ਕਈ ਥਾਵਾਂ 'ਤੇ ਤੂਫ਼ਾਨ ਤੋਂ ਪਹਿਲਾਂ ਹੀ ਜ਼ਰੂਰੀ ਸਾਮਾਨ ਲੋਕਾਂ ਤਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।
ਸਿੱਖਾਂ ਨੇ ਗੁਰੂ ਘਰ ਵਿੱਚ ਠਹਿਰਾ ਲਈ ਪ੍ਰਬੰਧ ਕਰ ਦਿੱਤੇ ਹਨ ਤੇ ਲੰਗਰ ਵੀ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਿੰਦੂ ਭਾਈਚਾਰੇ ਨੇ ਵੀ ਮੰਦਰਾਂ ਵਿੱਚ ਤੂਫ਼ਾਨ ਪੀੜਤਾਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਹੈ। ਇਸ ਤੋਂ ਇਲਾਵਾ ਅਟਲਾਂਟਾ ਦੇ 100 ਤੇ ਓਰਲੈਂਡੋ ਦੇ 400 ਤੋਂ ਜ਼ਿਆਦਾ ਪਰਿਵਾਰਾਂ ਨੇ ਤੂਫ਼ਾਨ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣੇ ਘਰਾਂ ਵਿੱਚ ਥਾਂ ਦੀ ਪੇਸ਼ਕਸ਼ ਕੀਤੀ ਹੈ।
ਸਰਕਾਰ ਵੱਲੋਂ ਐਲਾਨੇ ਐਮਰਜੈਂਸੀ ਦੇ ਹਾਲਾਤ ਵਿੱਚ ਅਮਰੀਕੀ ਸਿੱਖਾਂ ਨੇ ਤੁਰੰਤ ਵੱਧ ਤੋਂ ਵੱਧ ਦਾਨ ਤੇ ਰਾਹਤ ਸਮੱਗਰੀ ਭੇਜਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ ਤੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ।
ਅਖ਼ਬਾਰ 'ਦੈਨਿਕ ਭਾਸਕਰ' ਦੀ ਰਿਪੋਰਟ ਮੁਤਾਬਕ ਫਲੋਰੀਡਾ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਤੂਫ਼ਾਨ ਦੀ ਮਾਰ ਝੱਲ ਰਹੇ ਸਥਾਨਕ ਵਾਸੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ। ਅਟਲਾਂਟਾ ਵਿੱਚ ਭਾਰਤੀ ਸਫ਼ਾਰਤਖਾਨਾ ਲਗਾਤਾਰ ਭਾਰਤੀ-ਅਮਰੀਕੀ ਸੰਗਠਨਾਂ ਦੀ ਸਹਾਇਤਾ ਨਾਲ ਪੀੜਤਾਂ ਤਕ ਰਾਹਤ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ।