ਮਿਲਾਨ- ਪੰਜਾਬੀ ਭਾਈਚਾਰੇ ਦੀ ਇਟਲੀ ਵਿੱਚ ਗਿਣਤੀ ਵਧਣ ਦੇ ਨਾਲ ਹੀ ਆਏ ਦਿਨ ਵਾਰਦਾਤਾਂ ਵੀ ਵਧ ਰਹੀਆਂ ਹਨ, ਜਿਸ ਕਾਰਨ ਪੰਜਾਬੀਆਂ ਨੂੰ ਚਿੰਤਤ ਹੋਣਾ ਪੈ ਰਿਹਾ ਹੈ।ਇਸ ਵਾਰੀ ਉਤਰੀ ਇਟਲੀ ਦੇ ਪਿੰਡ ਪਲੋਸਕੋ ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋ 22 ਸਾਲਾ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਖਬਰ ਆਈ ਹੈ।


ਪਤਾ ਲੱਗਾ ਹੈ ਕਿ ਦੇਰ ਸ਼ਾਮ ਕੁਝ ਵਿਅਕਤੀਆਂ ਨੇ ਇਕ ਪੰਜਾਬੀ ਦੇ ਘਰ ਉੱਤੇ ਹਮਲਾ ਕੀਤਾ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਸ ਉੱਤੇ ਗੋਲੀ ਚਲਾਈ ਗਈ, ਜੋ ਉਸ ਦੇ ਮੋਢੇ ਉੱਤੇ ਜਾ ਵੱਜੀ। ਇਸ ਤੋਂ ਬਾਅਦ ਉਸ ਨੂੰ ਹਪਸਤਾਲ ਦਾਖਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਥਾਨਕ ਪੁਲਸ ਇਸ ਨੂੰ ਭਾਰਤੀਆਂ ਦੀ ਗੈਂਗਵਾਰ ਨਾਲ ਜੋੜ ਰਹੀ ਹੈ।

ਇਸ ਖੇਤਰ ਵਿਚ ਲੜਾਈ ਝਗੜੇ ਦੀਆਂ ਵਾਰਦਾਤਾਂ ਕਾਰਨ ਪੰਜਾਬੀ ਪਹਿਲਾਂ ਵੀ ਪੁਲਸ ਦੇ ਨਿਸ਼ਾਨੇ ਉੱਤੇ ਹਨ। ਸਥਾਨਕ ਪੁਲਸ ਇਸ ਘਟਨਾ ਦੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਅਤੇ ਪੰਜਾਬੀ ਭਾਈਚਾਰੇ ਵਿੱਚ ਵੀ ਕਾਫੀ ਚਿੰਤਾ ਫੈਲੀ ਹੋਈ ਹੈ।