ਲੰਡਨ; ਬ੍ਰਿਟੇਨ ਦੀ ਕੈਂਬ੍ਰਿਜ ਯੂਨੀਵਰਸਿਟੀ 800 ਸਾਲ ਤੋਂ ਜ਼ਿਆਦਾ ਪੁਰਾਣੀ ਲਿਖਤੀ ਪ੍ਰੀਖਿਆ ਦੀ ਰਵਾਇਤ ਖਤਮ ਕਰਨ ਬਾਰੇ ਸੋਚ ਰਹੀ ਹੈ। ਅੱਜ ਕੱਲ੍ਹ ਦੇ ਵਿਦਿਆਰਥੀਆਂ ਦੀ ਖਰਾਬ ਹੈਂਡਰਾਈਟਿੰਗ ਦੇਖਦੇ ਹੋਏ ਯੂਨੀਵਰਸਿਟੀ ਹੁਣ ਲੈਪਟੌਪ ਜਾਂ ਆਈਪੈਡ ਉੱਤੇ ਪ੍ਰੀਖਿਆ ਲੈਣ ਦੇ ਪੱਖ ਵਿੱਚ ਹੈ।


ਇਸ ਮਾਮਲੇ ਵਿੱਚ ਅਧਿਆਪਕਾਂ ਦਾ ਕਹਿਣਾ ਹੈ ਕਿ ਲੈਪਟੌਪ ਉੱਤੇ ਵੱਧ ਸਮਾਂ ਨਿਰਭਰ ਰਹਿਣ ਨਾਲ ਵਿਦਿਆਰਥੀਆਂ ਦੀ ਲਿਖਾਈ ਹੁਣ ਨਾ-ਪੜ੍ਹਨਯੋਗ ਹੁੰਦੀ ਜਾਂਦੀ ਹੈ। ਲੈਕਚਰ ਦੇ ਨੋਟਿਸ ਲੈਣ ਲਈ ਵੀ ਵਿਦਿਆਰਥੀਆਂ ਵਿੱਚ ਲੈਪਟਾਪ ਦੀ ਵਰਤੋਂ ਵਧਦੀ ਜਾਂਦੀ ਹੈ। ਅਜਿਹੇ ਵਿਚ ਇਸ ਕਦਮ ਨੂੰ ਅਮਲ ਵਿੱਚ ਲਿਆਉਣ ਨਾਲ 800 ਸਾਲ ਪੁਰਾਣੀ ਹੱਥਾਂ ਨਾਲ ਲਿਖ ਕੇ ਪ੍ਰੀਖਿਆ ਦੇਣ ਦੀ ਰਵਾਇਤ ਦਾ ਅੰਤ ਹੋ ਜਾਵੇਗਾ।

ਮਿਲੀ ਜਾਣਕਾਰੀ ਮੁਤਾਬਕ ਕੈਂਬ੍ਰਿਜ ਯੂਨੀਵਰਸਿਟੀ ਨੇ ‘ਡਿਜ਼ੀਟਲ ਸਿੱਖਿਆ ਰਣਨੀਤੀ’ ਹੇਠ ਇਸ ਮੁੱਦੇ ਉੱਤੇ ਵਿਚਾਰ ਸ਼ੁਰੂ ਕੀਤੀ ਹੈ। ਇਸ ਨਾਲ ਇਤਿਹਾਸ ਤੇ ਕਲਾਸੀਕਲ ਫੈਕਲਟੀ ਲਈ ਇਸ ਸਾਲ ਦੇ ਸ਼ੁਰੂ ਵਿਚ ਟਾਈਪਿੰਗ ਪ੍ਰੀਖਿਆ ਯੋਜਨਾ ਦੀ ਪਹਿਲ ਕੀਤੀ ਗਈ ਹੈ।

ਅਜੋਕੇ ਵਿਦਿਆਰਥੀਆਂ ਵਿੱਚ ਲਿਖਾਈ ਲੁਪਤ ਕਲਾ ਬਣਦੀ ਜਾ ਰਹੀ ਹੈ। 15-20 ਸਾਲ ਪਹਿਲਾਂ ਵਿਦਿਆਰਥੀ ਇੱਕ ਦਿਨ ਵਿੱਚ ਨਿਯਮਿਤ ਰੂਪ ਨਾਲ ਕੁਝ ਘੰਟੇ ਹੱਥ ਨਾਲ ਲਿਖ ਕੇ ਬਿਤਾਉਂਦੇ ਸਨ, ਹੁਣ ਉਹ ਪ੍ਰੀਖਿਆ ਤੋਂ ਬਿਨਾਂ ਕੁਝ ਵੀ ਹੱਥ ਨਾਲ ਨਹੀਂ ਲਿਖਦੇ। ਵਿਦਿਆਰਥੀਆਂ ਤੇ ਟੀਚਰਾਂ ਦੋਵਾਂ ਲਈ ਲਿਖਾਈ ਪੜ੍ਹਨਾ ਮੁਸ਼ਕਲ ਹੁੰਦਾ ਜਾਂਦਾ ਹੈ।

ਸੀਨੀਅਰ ਲੈਚਰਾਰ ਡਾ. ਸਾਰਾ ਪੀਅਰਸਲ ਨੇ ਕਿਹਾ ਕਿ ਇਹ ਸਵਾਗਤਯੋਗ ਹੈ ਕਿ ਯੂਨੀਵਰਸਿਟੀ ਇਸ ਪਹਿਲ ਬਾਰੇ ਸੋਚ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਲੋਕ ਖੁਸ਼ ਨਹੀਂ ਹੋਣਗੇ, ਕੁਝ ਲੋਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਹੱਥ ਨਾਲ ਲਿਖੀ ਲਿਖਾਈ ਬੀਤੇ ਦਿਨਾਂ ਦੀ ਗੱਲ ਹੋ ਜਾਵੇਗੀ ਤੇ ਸਿਰਫ ਯਾਦਾਂ ਵਿਚ ਰਹੇਗੀ।