ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੋਲਡੀ ਬਰਾੜ ਦੇ ਜੀਜੇ ਤੋਂ ਵੀ ਪੁੱਛਗਿਛ, ਜਲਦ ਬਰਾਮਦ ਹੋਣਗੇ ਹਥਿਆਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਗੈਂਗਸਟਰ ਗੁਰਬੀਰ ਗੋਰਾ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਲੈ ਕੇ ਆਈ ਹੈ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਗੈਂਗਸਟਰ ਗੁਰਬੀਰ ਗੋਰਾ ਨੂੰ ਹੁਸ਼ਿਆਰਪੁਰ ਜੇਲ੍ਹ ਤੋਂ ਲੈ ਕੇ ਆਈ ਹੈ। ਗੋਰਾ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ ਹੈ ਜਿਸ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ ਲਾਰੈਂਸ ਤੇ ਗੋਰਾ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਿਸ ਵਿੱਚ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਕਈ ਅਹਿਮ ਸੁਰਾਗ ਮਿਲੇ ਹਨ।
ਇਸ ਤੋਂ ਇਲਾਵਾ ਪੁਲਿਸ ਨੂੰ ਨਸੀਬ ਖਾਨ ਤੇ ਪਵਨ ਬਿਸ਼ਨੋਈ ਕੋਲੋਂ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰਾਂ ਬਾਰੇ ਵੀ ਅਹਿਮ ਸੁਰਾਗ ਮਿਲੇ ਹਨ। ਇਹ ਹਥਿਆਰ ਮਾਨਸਾ ਨਾਲ ਲੱਗਦੀ ਪੰਜਾਬ-ਹਰਿਆਣਾ ਸਰਹੱਦ 'ਤੇ ਦੱਬੇ ਹੋਏ ਸਨ। ਪੁਲਿਸ ਉਨ੍ਹਾਂ ਨੂੰ ਜਲਦੀ ਹੀ ਬਰਾਮਦ ਕਰ ਸਕਦੀ ਹੈ।
ਤਿਹਾੜ ਜੇਲ੍ਹ ਤੋਂ ਲਿਆਂਦੇ ਗਏ ਲਾਰੈਂਸ ਨੂੰ ਮਾਨਸਾ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾ ਹੈ। ਕੱਲ੍ਹ ਪੂਰਾ ਦਿਨ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਵਿਸ਼ੇਸ਼ ਜਾਂਚ ਟੀਮ (ਐਸਆਈਟੀ), ਕਾਊਂਟਰ ਇੰਟੈਲੀਜੈਂਸ ਵਿਭਾਗ (ਸੀਆਈਡੀ) ਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਦੀਆਂ ਟੀਮਾਂ ਵੱਲੋਂ ਪੁੱਛਗਿੱਛ ਕੀਤੀ ਗਈ। ਸੀਆਈਏ ਸਟਾਫ਼ ਮਾਨਸਾ ਤੋਂ ਖਰੜ ਲਿਆ ਕੇ ਲਾਰੈਂਸ ਨੂੰ ਗੁਪਤ ਟਿਕਾਣੇ ’ਤੇ ਭੇਜ ਦਿੱਤਾ ਗਿਆ।
ਜਾਧਵ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਨਹੀਂ
ਦਿੱਲੀ ਪੁਲਿਸ ਨੇ ਮੂਸੇਵਾਲਾ ਕਤਲ ਕੇਸ ਵਿੱਚ 8 ਸ਼ੱਕੀ ਸ਼ਾਰਪ ਸ਼ੂਟਰਾਂ ਦੀ ਸੂਚੀ ਜਾਰੀ ਕੀਤੀ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਅਜੇ ਤੱਕ ਕਿਸੇ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਸੂਚੀ 'ਚ ਸ਼ਾਮਲ ਸਿਧੇਸ਼ ਹੀਰਾਮਨ ਕਾਂਬਲੇ ਉਰਫ ਸੌਰਵ ਮਹਾਕਾਲ ਨੂੰ ਪੁਣੇ ਪੁਲਸ ਨੇ ਫੜ ਲਿਆ ਸੀ।
ਦਿੱਲੀ ਪੁਲਿਸ ਨੇ ਕਿਹਾ ਕਿ ਉਹ ਕਤਲ ਵਿੱਚ ਸ਼ਾਮਲ ਨਹੀਂ ਸੀ। ਇਸ ਤੋਂ ਬਾਅਦ ਸੰਤੋਸ਼ ਜਾਧਵ ਅਤੇ ਨਵਨਾਥ ਸੂਰਯਵੰਸ਼ੀ ਨੂੰ ਗੁਜਰਾਤ ਦੇ ਕੱਛ ਤੋਂ ਫੜਿਆ ਗਿਆ। ਹਾਲਾਂਕਿ ਪੰਜਾਬ ਪੁਲਿਸ ਦੀ ਜਾਂਚ ਵਿੱਚ ਜਾਧਵ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਇਸ ਕਾਰਨ ਪੰਜਾਬ ਪੁਲਿਸ ਫਿਲਹਾਲ ਉਸ ਦੇ ਪ੍ਰੋਡਕਸ਼ਨ ਵਾਰੰਟ ਨਹੀਂ ਲੈ ਰਹੀ ਹੈ।