ਪੰਜਾਬੀਆਂ ਲਈ ਖੁਸ਼ਖਬਰੀ! ਪੰਜਾਬ ਨੂੰ ਮਿਲਣ ਜਾ ਰਿਹਾ ਇੱਕ ਹੋਰ ਏਅਰਪੋਰਟ, ਜਲਦ ਹੋ ਸਕਦਾ ਵੱਡਾ ਐਲਾਨ
ਪੰਜਾਬ ਦੇ ਵਿੱਚ ਜਲਦ ਹੀ ਇੱਕ ਹੋਰ ਨਵਾਂ ਏਅਰਪੋਰਟ ਪੰਜਾਬੀਆਂ ਦੀ ਝੋਲੀ ਪੈ ਸਕਦਾ ਹੈ। ਜੀ ਹਾਂ ਇਸ ਨਾਲ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਫਾਇਦਾ ਮਿਲੇਗਾ। ਆਮ ਲੋਕਾਂ ਨੂੰ ਰੋਜ਼ਗਾਰ ਮਿਲੇਗਾ।ਇੰਟਰਨੈਸ਼ਨਲ ਏਅਰਪੋਰਟ ਹੁਣ ਉਡਾਣਾਂ ਲਈ ਤਿਆਰ ਹੈ...

ਪੰਜਾਬ ਦੇ ਮਾਲਵਾ ਖੇਤਰ ਦਾ ਦਹਾਕਿਆਂ ਪੁਰਾਣਾ ਸੁਪਨਾ ਹੁਣ ਸਾਕਾਰ ਹੋਣ ਦੇ ਨੇੜੇ ਹੈ। ਲੁਧਿਆਣਾ ਜ਼ਿਲ੍ਹੇ ਦੇ ਐਤਿਆਨਾ ਪਿੰਡ ਵਿਚ 162 ਏਕੜ 'ਚ ਫੈਲਿਆ ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਹੁਣ ਉਡਾਣਾਂ ਲਈ ਤਿਆਰ ਹੈ ਅਤੇ ਹੁਣ ਸਿਰਫ਼ ਨਾਗਰਿਕ ਉਡਾਣ ਸੁਰੱਖਿਆ ਏਜੰਸੀ (BCAS) ਦੀ ਅੰਤਿਮ ਮਨਜ਼ੂਰੀ ਦੀ ਉਡੀਕ ਹੈ। ਇਸ ਦੇ ਨਾਲ ਹੀ, ਇਸ ਏਅਰਪੋਰਟ ਦੇ ਉਦਘਾਟਨ ਦੀ ਤਾਰੀਖ ਦਾ ਐਲਾਨ ਵੀ ਜਲਦੀ ਹੋ ਸਕਦਾ ਹੈ। ਜਦੋਂ ਇਹ ਏਅਰਪੋਰਟ ਚਾਲੂ ਹੋਵੇਗਾ, ਤਾਂ ਮਾਲਵਾ ਖੇਤਰ ਦੇ ਵਿਕਾਸ, ਰੋਜ਼ਗਾਰ ਅਤੇ ਵਪਾਰ ਲਈ ਨਵੇਂ ਦਰਵਾਜ਼ੇ ਖੁੱਲਣਗੇ।
ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਬਣਾਇਆ ਗਿਆ
ਹਲਵਾਰਾ ਏਅਰਪੋਰਟ ਦਾ ਸਿਵਲ ਟਰਮਿਨਲ ਪੂਰੀ ਤਰ੍ਹਾਂ ਤਿਆਰ ਹੈ। ਏਸੀ, ਲਾਈਟਿੰਗ, ਸੁਰੱਖਿਆ ਤੇ ਬੈਗੇਜ ਸਿਸਟਮ ਦੇ ਸਾਰੇ ਟੈਸਟ ਸਫਲ ਰਹੇ ਹਨ। ਇਹ ਟਰਮਿਨਲ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਬਣਾਇਆ ਗਿਆ ਹੈ, ਜਿਸ ਵਿੱਚ ਆਧੁਨਿਕ ਸੁਵਿਧਾਵਾਂ ਤੇ ਵੱਡਾ ਯਾਤਰੀ ਹਾਲ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਾਰੇ ਤਕਨੀਕੀ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਏਅਰਪੋਰਟ ਕਿਸੇ ਵੀ ਵੇਲੇ ਖੁੱਲ ਸਕਦਾ ਹੈ। ਇਸਦੇ ਸ਼ੁਰੂ ਹੋਣ ਨਾਲ ਲੁਧਿਆਣਾ, ਮੋਗਾ, ਬਠਿੰਡਾ, ਫਰੀਦਕੋਟ ਤੇ ਹੋਰ ਜ਼ਿਲ੍ਹਿਆਂ ਦੇ ਉਦਯੋਗਪਤੀਆਂ ਨੂੰ ਵੱਡਾ ਫਾਇਦਾ ਹੋਵੇਗਾ। ਸ਼ੁਰੂਆਤੀ ਪੜਾਅ 'ਚ ਏਅਰ ਇੰਡੀਆ ਤੇ ਵਿਸਤਾਰਾ ਦੀਆਂ ਉਡਾਣਾਂ ਦਿੱਲੀ-ਹਲਵਾਰਾ ਰੂਟ 'ਤੇ ਚੱਲਣਗੀਆਂ। ਭਵਿੱਖ 'ਚ ਇੱਥੋਂ ਮੁੰਬਈ, ਬੈਂਗਲੁਰੂ ਤੇ ਹੈਦਰਾਬਾਦ ਨਾਲ ਵੀ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ।
ਜਲਦ ਹੀ ਉਡਾਣਾਂ ਨੂੰ ਮਿਲੇਗੀ ਹਰੀ ਝੰਡੀ
ਅੰਤਰਰਾਸ਼ਟਰੀ ਹਵਾਈ ਯਾਤਰਾ ਸੰਘ (IATA) ਵੱਲੋਂ ਹਲਵਾਰਾ ਏਅਰਪੋਰਟ ਨੂੰ “HWR” ਕੋਡ ਜਾਰੀ ਕਰ ਦਿੱਤਾ ਗਿਆ ਹੈ। ਲੋਕ ਨਿਰਮਾਣ ਵਿਭਾਗ (PWD) ਨੇ ਇਹ ਢਾਂਚਾ ਭਾਰਤੀ ਵਿਮਾਨਪੱਤਨ ਪ੍ਰਾਧੀਕਰਣ (AAI) ਨੂੰ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ 2025 ਦੇ ਅੰਤ ਤੱਕ ਇਹ ਕੰਮ ਪੂਰਾ ਹੋ ਜਾਣ ਦੀ ਉਮੀਦ ਹੈ। ਹਲਵਾਰਾ ਏਅਰਪੋਰਟ ਦਾ ਉਦਘਾਟਨ ਪਹਿਲਾਂ ਜੁਲਾਈ 2025 ਲਈ ਤੈਅ ਸੀ, ਪਰ ਬਿਹਾਰ ਚੋਣਾਂ ਦੌਰਾਨ ਬੀਜੇਪੀ ਨੇਤਾਵਾਂ ਦੀ ਬਿਜ਼ੀ ਹੋਣ ਕਾਰਨ ਇਸਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਹੁਣ ਚੋਣਾਂ ਤੋਂ ਬਾਅਦ ਨਵੀਂ ਤਾਰੀਖ ਦਾ ਐਲਾਨ ਹੋਣ ਦੀ ਸੰਭਾਵਨਾ ਹੈ। ਕੇਂਦਰੀ ਨਾਗਰਿਕ ਹਵਾਈ ਸੁਰੱਖਿਆ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਨਾਗਰਿਕ ਹਵਾਈ ਸੁਰੱਖਿਆ ਟੀਮ ਜਲਦੀ ਹੀ ਏਅਰਪੋਰਟ ਦਾ ਦੌਰਾ ਕਰੇਗੀ ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਦੇ ਬਾਅਦ ਹਲਵਾਰਾ ਤੋਂ ਪਹਿਲੀ ਉਡਾਣ ਨੂੰ ਹਰੀ ਝੰਡੀ ਮਿਲੇਗੀ।
ਹਲਵਾਰਾ ਹਵਾਈ ਅੱਡੇ ਦੀਆਂ ਮੁੱਖ ਵਿਸ਼ੇਸ਼ਤਾਵਾਂ
2 ਲੱਖ ਵਰਗ ਫੁੱਟ ਦਾ ਸਿਵਲ ਟਰਮੀਨਲ
ਬੋਇੰਗ ਅਤੇ ਏਅਰਬਸ ਵਿਮਾਨਾਂ ਦੀ ਲੈਂਡਿੰਗ ਸਮਰੱਥਾ
ਮਜ਼ਬੂਤ ਕਾਂਕਰੀਟ ਦੀ ਸੁਰੱਖਿਆ ਦੀਵਾਰ
ਟੈਕਸੀਵੇ ਅਤੇ ਐਪਰਨ ਦਾ ਕੰਮ ਪੂਰਾ
ਦਿੱਲੀ-ਹਲਵਾਰਾ ਰੂਟ 'ਤੇ ਪਹਿਲੀ ਉਡਾਣ ਦੀ ਯੋਜਨਾ
ਘਰੇਲੂ ਉਡਾਣਾਂ ਤੋਂ ਬਾਅਦ ਅੰਤਰਰਾਸ਼ਟਰੀ ਕਨੈਕਸ਼ਨ
ਮਾਲਵਾ ਖੇਤਰ ਨੂੰ ਵੱਡਾ ਫਾਇਦਾ
ਉਦਯੋਗਾਂ ਲਈ ਸਿੱਧਾ ਏਅਰ ਕਾਰਗੋ ਕਨੈਕਸ਼ਨ
ਹਜ਼ਾਰਾਂ ਨਵੇਂ ਰੋਜ਼ਗਾਰ ਦੇ ਮੌਕੇ
ਚੰਡੀਗੜ੍ਹ ਅਤੇ ਦਿੱਲੀ ਦੀ ਭੀੜ ਤੋਂ ਰਾਹਤ
ਵਪਾਰ ਅਤੇ ਟੂਰਿਜ਼ਮ ਖੇਤਰ ਨੂੰ ਨਵੀਂ ਰਫ਼ਤਾਰ
ਮਾਲਵਾ ਦੇ 10 ਜ਼ਿਲ੍ਹਿਆਂ ਲਈ ਹਵਾਈ ਯਾਤਰਾ ਦੀ ਸੁਵਿਧਾ






















