ਸਰਹੱਦੀ ਇਲਾਕੇ ਅੰਮ੍ਰਿਤਸਰ ਦਿਹਾਤੀ ਦਾ SSP ਲਾਉਣਾ ਭੁੱਲੀ ਮਾਨ ਸਰਕਾਰ! 2 ਹਫ਼ਤੇ ਤੋਂ ਕੁਰਸੀ ਖਾਲੀ
ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਕੰਮ ਨੂੰ ਦਰੁਸਤ ਕਰਨ ਅਤੇ ਬਿਨ੍ਹਾ ਦਖਲਅੰਦਾਜ਼ੀ ਦੇ ਕਰਨ ਦੇ ਦਾਅਵੇ ਅਕਸਰ ਸਟੇਜਾਂ ਤੋਂ ਕਰਦੀ ਸੀ।
ਗਗਨਦੀਪ ਸ਼ਰਮਾ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਕੰਮ ਨੂੰ ਦਰੁਸਤ ਕਰਨ ਅਤੇ ਬਿਨ੍ਹਾ ਦਖਲਅੰਦਾਜ਼ੀ ਦੇ ਕਰਨ ਦੇ ਦਾਅਵੇ ਅਕਸਰ ਸਟੇਜਾਂ ਤੋਂ ਕਰਦੀ ਸੀ।ਪਰ ਦੋ ਹਫ਼ਤਿਆਂ ਤੋਂ SSP ਦਿਹਾਤੀ ਦੀ ਖਾਲੀ ਸੀਟ ਸਾਬਤ ਕਰਦੀ ਹੈ ਸਰਕਾਰ ਇਨ੍ਹਾਂ ਦਾਅਵਿਆਂ 'ਤੇ ਕਿੰਨੇ ਕੁ ਗੰਭੀਰ ਹੈ।ਸਵਾਲ ਤਾਂ ਇਹ ਖਾੜਾ ਹੁੰਦਾ ਹੈ ਕਿ ਕੀ ਪੰਜਾਬ ਸਰਕਾਰ ਕੋਲ ਅਜਿਹਾ ਕੋਈ ਕਾਬਲ ਅਫ਼ਸਰ ਨਹੀਂ ਜਿਸਨੂੰ ਸਰਹੱਦ ਇਲਾਕੇ ਦੀ ਕਮਾਨ ਸੌਂਪੀ ਜਾਵੇ?
ਦੱਸ ਦੇਈਏ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਕਰੀਬ 100 ਪਿੰਡ ਆਉਂਦੇ ਹਨ।ਜਿਨ੍ਹਾਂ ਦੇ ਅਮਨ ਕਾਨੂੰਨ ਦੀ ਜ਼ਿੰਮੇਵਾਰੀ ਦਿਹਾਤੀ ਪੁਲਿਸ ਦੀ ਹੈ। ਅੰਮ੍ਰਿਤਸਰ ਦੇ ਪਿਛਲੇ ਪੁਲਿਸ ਕਪਤਾਨ ਦੀਪਕ ਹਿਲੋਰੀ ਦਾ ਤਬਾਦਲਾ ਸੂਬੇ ਦੀ ਨਵੀਂ ਬਣੀ ਸਰਕਾਰ ਨੇ 7 ਅਪ੍ਰੈਲ ਨੂੰ ਕਰ ਦਿੱਤਾ ਸੀ।ਪਰ ਲਗਦਾ ਹੈ ਸਰਕਾਰ ਹੁਣ ਉਨ੍ਹਾਂ ਦੀ ਖਾਲੀ ਥਾਂ ਭਰਨ ਦਾ ਚੇਤਾ ਹੀ ਭੁਲਾ ਚੁੱਕੀ ਹੈ।
ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਦੇ ਅੱਠ ਵਿਧਾਇਕ ਹਨ ਤੇ ਦੋ ਕੈਬਨਿਟ ਵਜੀਰ ਹਨ। ਕੁਲਦੀਪ ਸਿੰਘ ਧਾਲੀਵਾਲ ਤੇ ਹਰਭਜਨ ਸਿੰਘ ਈਟੀਓ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹਨ ਪਰ ਹਾਲੇ ਤਕ ਉਹਨਾਂ ਦੇ ਧਿਆਨ 'ਚ SSP ਲਗਾਉਣ ਦਾ ਮੁੱਦਾ ਨਹੀਂ ਆਇਆ। ਪਾਕਿਸਤਾਨ ਨਾਲ ਸਰਹੱਦ ਪਾਰੋਂ ਰੋਜ਼ਾਨਾ ਡਰੋਨ ਰਾਹੀਂ ਅਸਲਾ ਤੇ ਡਰੱਗ ਦੀਆਂ ਰਿਪੋਰਟਾਂ ਆਉਂਦੀਆਂ ਹਨ।ਇਸ ਬਾਬਤ ਹਾਲਹੀ 'ਚ ਪਾਕਿਸਤਾਨੀ 'ਚ ਬੈਠੇ ਕੇਸੀਐੱਫ ਦੇ ਸਰਗਨੇ ਲਖਬੀਰ ਸਿੰਘ ਰੋਡੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਰੋਜ਼ਾਨਾ ਦਰਜ ਹੋ ਰਹੇ NDPS Act ਦੇ ਮਾਮਲਿਆਂ ਤੋਂ ਨਸ਼ਿਆਂ ਦੀ ਸਮੱਸਿਆ ਦਾ ਜ਼ਿਲ੍ਹੇ 'ਚ ਪਤਾ ਲੱਗਦਾ ਹੈ।ਜ਼ਿਲ੍ਹੇ ਦਾ ਕੰਮ ਫਿਲਹਾਲ ਐਸਪੀ (ਡੀ) ਤੇ ਐਸਪੀ (ਐੱਚ) ਵੰਡ ਕੇ ਕਰ ਰਹੇ ਹਨ ਪਰ ਕਿਸੇ ਸਿਆਸੀ ਪਾਰਟੀ ਨੇ ਵੀ ਇਸ ਬਾਬਤ ਆਵਾਜ਼ ਨਹੀਂ ਚੁੱਕੀ ਹੈ। ਸਿਰਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪਿਛਲੇ ਦਿਨੀਂ ਧਰਨੇ ਦੌਰਾਨ ਇਹ ਮੁੱਦਾ ਉਠਾਇਆ ਸੀ। ਜਾਣਕਾਰੀ ਮੁਤਾਬਕ ਸਰਕਾਰ ਬਣਨ ਤੋਂ ਬਆਦ ਭਗਵੰਤ ਮਾਨ ਚਾਰ ਵਾਰ IPS ਅਧਿਕਾਰੀਆਂ ਦੇ ਤਬਾਦਲੇ ਕਰ ਚੁੱਕੇ ਹਨ ਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ SSP ਵੀ ਬਦਲ ਚੁੱਕੇ ਹਨ ਪਰ ਇਨ੍ਹਾਂ 'ਚ ਅੰਮ੍ਰਿਤਸਰ ਦਿਹਾਤੀ ਸ਼ਾਮਲ ਨਹੀਂ ਸੀ।