Governor VS CM: ਰਾਜਪਾਲ ਦਾ ਅੱਜ ਤੋਂ ਸਰਹੱਦੀ ਦੌਰਾ ਸ਼ੁਰੂ, ਅਕਾਲੀ ਦਲ ਦੀ ਸ਼ਿਕਾਇਤ 'ਤੇ ਤਰਨ ਤਾਰਨ ਵੀ ਮਾਰਨਗੇ ਫੇਰੀ
Governor will visit border districts - ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। 13 ਅਕਤੂਬਰ ਨੂੰ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਸਰਕਾਰੀ ਹੈਲੀਕਾਪਟਰ ਦੀ ਬਜਾਏ ਆਪਣੇ ਵਾਹਨਾਂ
ਚੰਡੀਗੜ੍ਹ - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਤੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨ ਜਾ ਰਹੇ ਹਨ। ਗਵਰਨਰ ਬੁੱਧਵਾਰ 11 ਅਕਤੂਬਰ ਤੋਂ 13 ਅਕਤੂਬਰ ਤੱਕ 6 ਸਰਹੱਦੀ ਜ਼ਿਲ੍ਹਿਆਂ 'ਚ ਪਹੁੰਚਣਗੇ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਲੋਕਾਂ ਤੋਂ ਸਿੱਧੇ ਸਵਾਲ ਵੀ ਪੁੱਛ ਸਕਦੇ ਹਨ ਕਿ ਨਸ਼ਿਆਂ ਅਤੇ ਮਾਈਨਿੰਗ ਨੂੰ ਲੈ ਕੇ ਪਿੰਡਾਂ ਵਿੱਚ ਕੀ ਸਥਿਤੀ ਹੈ।
ਉਨ੍ਹਾਂ ਦਾ ਪ੍ਰੋਗਰਾਮ ਪਹਿਲੇ ਦਿਨ 11 ਅਕਤੂਬਰ ਨੂੰ ਫਾਜ਼ਿਲਕਾ ਤੋਂ ਸ਼ੁਰੂ ਹੋਵੇਗਾ। ਇਸੇ ਦਿਨ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਵੀ ਦੌਰਾ ਕਰਨਗੇ। 12 ਅਕਤੂਬਰ ਨੂੰ ਉਹ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। 13 ਅਕਤੂਬਰ ਨੂੰ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਸਰਕਾਰੀ ਹੈਲੀਕਾਪਟਰ ਦੀ ਬਜਾਏ ਆਪਣੇ ਵਾਹਨਾਂ ਰਾਹੀਂ ਹੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਹੁੰਚਣਗੇ।
ਪੰਜਾਬ ਦੇ ਰਾਜਪਾਲ ਦਾ ਦੌਰਾ ਉਸ ਸਮੇਂ ਹੋਣ ਜਾ ਰਿਹਾ ਹੈ ਜਦੋਂ ਅਕਾਲੀ ਦਲ ਨੇ ਤਰਨ ਤਾਰਨ ਵਿੱਚ ਨਜਾਇਜ਼ ਮਾਇਨਿੰਗ ਹੋਣ ਦੀ ਸ਼ਿਕਾਇਤ ਲਗਾਈ ਸੀ। ਰਾਜਪਾਲ ਨੂੰ ਲਿਖੇ ਪੱਤਰ ਵਿਚ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਅੰਮ੍ਰਿਤਸਰ ਦੇ ਦੌਰੇ ਵੇਲੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਉਹਨਾਂ ਪਿੰਡ ਵਾਲਿਆਂ ਦੀ ਗੱਲ ਸੁਣਨ ਜੋ ਆਪ ਵਿਧਾਇਕ ਦੀ ਗੈਰਕਾਨੂੰਨੀ ਮਾਇਨਿੰਗ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹਨ ਤੇ ਇਸ ਬਾਰੇ ਸਾਰਾ ਕੁਝ ਦੱਸਣ ਲਈ ਤਿਆਰ ਹਨ।
ਮਜੀਠੀਆ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਪਹਿਲਾਂ ਆਪ ਵਿਧਾਇਕ ਦੇ ਜੀਜਾ ਨਿਸ਼ਾਨ ਸਿੰਘ ਖਿਲਾਫ ਬਿਆਨਬਾਜ਼ੀ ਕਰਦਿਆਂ ਪੂਰਾ ਖੁਲ੍ਹਾਸਾ ਕੀਤਾ ਸੀ ਤੇ ਤਸਵੀਰਾਂ ਤੇ ਵੀਡੀਓ ਸਬੂਤ ਦੇ ਕੇ ਦੱਸਿਆ ਸੀ ਕਿ ਕਿਵੇਂ ਉਹ ਲਗਾਤਾਰ ਗੈਰਕਾਨੂੰਨੀ ਮਾਇਨਿੰਗ ਕਰਦਾ ਹੈ। ਉਹਨਾਂ ਰਾਜਪਾਲ ਨੂੰ ਦੱਸਿਆ ਕਿ ਨਿਸ਼ਾਨ ਸਿੰਘ ਦੇ ਘਰ ਦੀਆਂ ਤਸਵੀਰਾਂ ਜਿਥੇ ਜੇਸੀਬੀ ਤੇ ਹੋਰ ਮਸ਼ੀਨਰੀ ਖੜ੍ਹੀ ਹੈ, ਉਹ ਜਨਤਕ ਹਨ। ਉਹਨਾਂ ਕਿਹਾ ਕਿ ਪਿੰਡ ਵਾਲਿਆਂ ਨੇ ਆਪ ਵਿਧਾਇਕ ’ਤੇ ਆਪਣੇ ਪੁਲਿਸ ਐਸਕਾਰਟ ਵਾਹਨ ਤੇ ਸੁਰੱਖਿਆ ਅਮਲੇ ਨੂੰ ਵੀ ਨਜਾਇਜ਼ ਮਾਇਨਿੰਗ ਵਿਚ ਲਗਾਇਆ ਹੋਇਆ ਹੈ।