Punjab News: ਪੰਜਾਬ ਸਰਕਾਰ ਵਿੱਚ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਕਾਰਨ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਰਕਿਨਾਰ ਕਰਦੇ ਹੋਏ ਰਾਜ ਪ੍ਰਸ਼ਾਸਨ ਦੇ ਕੰਮਕਾਜ ਨੂੰ ਆਪਣੇ ਹੱਥਾਂ ਵਿੱਚ ਲੈਣ ਦੇ ਇਲਜ਼ਾਮ ਲੱਗ ਰਹੇ ਹਨ।


ਇਹ ਵੀ ਕਿਆਸ ਅਰਾਈਆਂ ਹਨ ਕਿ ਅਰਵਿੰਦ ਕੇਜਰੀਵਾਲ ਆਪਣੇ ਨਜ਼ਦੀਕੀ ਸਹਿਯੋਗੀ ਬਿਭਵ ਕੁਮਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਨਿਯੁਕਤ ਕਰਨਾ ਚਾਹੁੰਦੇ ਹਨ ਜੋ ਕਿ ਕੇਜਰੀਵਾਲ ਤੇ ਪੰਜਾਬ ਸਰਕਾਰ ਵਿਚਾਲੇ ਸੰਪਰਕ ਵਜੋਂ ਕੰਮ ਕਰੇਗਾ। ਆਪ ਦੇ ਅੰਦਰੂਨੀ ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ 'ਚ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਲੀਹੋਂ ਲੱਥੀ ਗੱਡੀ ਨੂੰ ਚਲਾਉਣ ਲਈ "ਡਰਾਈਵਰ ਦੀ ਸੀਟ" ਲੈ ਲਈ ਹੈ।



ਬਿਵਭ ਕੁਮਾਰ ਦੀ ਨਿਯੁਕਤੀ ਬਾਰੇ ਕਿਆਸਅਰਾਈਆਂ ਸੋਮਵਾਰ ਨੂੰ ਉਸ ਵੇਲੇ ਸ਼ੁਰੂ ਹੋਈਆਂ, ਜਦੋਂ ਕੇਜਰੀਵਾਲ ਨੇ ਦਿੱਲੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਇੱਕ-ਇੱਕ ਕਰਕੇ ਮੁਲਾਕਾਤ ਕੀਤੀ, ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਤੇ ਅਗਲੇ ਸਾਲ ਲਈ ਉਨ੍ਹਾਂ ਨੂੰ ਟੀਚੇ ਵੀ ਨਿਰਧਾਰਤ ਕੀਤੇ। 


ਸਰਕਾਰੀ ਸੂਤਰਾਂ ਅਨੁਸਾਰ 'ਆਪ' ਮੁਖੀ ਨੇ ਮੰਤਰੀਆਂ ਨੂੰ ਕਿਹਾ ਕਿ ਉਹ ਖੁਦ ਕੰਮ ਦੀ ਨਿਗਰਾਨੀ ਕਰਨਗੇ। ਦੱਸ ਦਈਏ ਕਿ ਉਸੇ ਦਿਨ ਦੋ ਹੋਰ ਸੀਐਮਓ ਅਧਿਕਾਰੀਆਂ, ਸੰਚਾਰ ਨਿਰਦੇਸ਼ਕ ਬਲਤੇਜ ਸਿੰਘ ਪੰਨੂ ਅਤੇ ਮਨਪ੍ਰੀਤ ਕੌਰ ਨੂੰ ਹਟਾ ਦਿੱਤਾ ਗਿਆ ਸੀ। ਬੁੱਧਵਾਰ ਨੂੰ ਅਨੁਰਾਗ ਵਰਮਾ ਦੀ ਜਗ੍ਹਾ ਕੇਏਪੀ ਸਿਨਹਾ ਨੂੰ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ।


ਕੇਜਰੀਵਾਲ ਵੱਲੋਂ ਪੰਜਾਬ ਵਿੱਚ ਪਾਰਟੀ ਦੇ ਮਾਮਲਿਆਂ ਵਿੱਚ ਵਧੇਰੇ ਦਿਲਚਸਪੀ ਲੈਣ ਦੀਆਂ ਕਿਆਸਅਰਾਈਆਂ ਵੱਧ ਰਹੀਆਂ ਹਨ ਕਿਉਂਕਿ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ਵਿੱਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ। ਇਸ ਵਿੱਚ ਚਾਹੇ ਚਾਰ ਮੰਤਰੀਆਂ ਨੂੰ ਹਟਾਏ ਜਾਣ ਦਾ ਮਾਮਲਾ ਹੋਵੇ ਤਾਂ ਮੁੱਖ ਮੰਤਰੀ ਦੇ OSD ਓਂਕਾਰ ਸਿੰਘ ਨੂੰ ਹਟਾਇਆ ਜਾਣਾ ਸੀ।



ਦੱਸ ਦਈਏ ਕਿ ਓਂਕਾਰ ਸਿੰਘ, ਮੁੱਖ ਮੰਤਰੀ ਭਗਵੰਤ ਮਾਨ ਦੇ ਦੋਸਤ ਹਨ ਤੇ ਉਹ ਮਾਨ ਦੇ ਹਲਕੇ ਧੂਰੀ ਨੂੰ ਸੰਭਾਲ ਰਹੇ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਮਾਨ ਦੇ ਸੰਚਾਰ ਨਿਰਦੇਸ਼ਕ ਨਵਨੀਤ ਵਧਵਾ ਨੂੰ ਆਪਣਾ ਅਸਤੀਫਾ ਸੌਂਪਣ ਲਈ ਕਿਹਾ ਗਿਆ ਸੀ, ਜਿਸ ਵਿੱਚ 'ਆਪ' ਸੂਤਰਾਂ ਨੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਇਸਨੂੰ "ਆਪ੍ਰੇਸ਼ਨ ਕਲੀਨਅੱਪ" ਕਰਾਰ ਦਿੱਤਾ ਸੀ।