ਚੰਡੀਗੜ੍ਹ: ਇੱਕ ਪਾਸੇ ਕੇਂਦਰ ਸਰਕਾਰ ਜੀਐਸਟੀ ਲਾਗੂ ਹੋਣ ਦੇ ਇੱਕ ਸਾਲ ਪੂਰੇ ਹੋਣ ਨੂੰ ਉਪਲੱਬਧੀ ਦੇ ਸਾਲ ਵਜੋਂ ਮਨਾ ਰਹੀ ਹੈ ਤਾਂ ਦੂਜੇ ਪਾਸੇ ਲੁਧਿਆਣਾ ਵਿੱਚ ਜੀਐਸਟੀ ਦੀ ਬੋਗਸ ਬਿਲਿੰਗ ਦੇ ਜ਼ਰੀਏ ਕਰੋੜਾਂ ਰੂਪਏ ਦਾ ਘਪਲਾ ਸਾਹਮਣੇ ਆਇਆ ਹੈ। ਇਸ ਸਬੰਧੀ ਡਾਇਰੈਕਟਰ ਜਨਰਲ ਆਫ ਜੀਐਸਟੀ ਇੰਟੈਲੀਜੈਂਸ ਨੇ ਮੰਡੀ ਗੋਬਿੰਦਗੜ੍ਹ ਤੋਂ ਘਪਲੇ ਦੇ ਮੁੱਖ ਮੁਲਜ਼ਮ ਸੇਮੀ ਧੀਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਅਡੀਸ਼ੀਨਲ ਡਾਇਰੈਕਟਰ ਨਿਤਿਨ ਸੈਣੀ ਨੇ ਕਿਹਾ ਕਿ ਵਿਭਾਗ ਪਿਛਲੇ 2 ਮਹੀਨਿਆਂ ਤੋਂ ਮੁਲਜ਼ਮ ਦੀ ਭਾਲ਼ ਕਰ ਰਿਹਾ ਸੀ। ਮੁਲਜ਼ਮ ਉਸ ਸਮੇਂ ਕਾਬੂ ਆਇਆ ਜਦੋਂ ਉਹ ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਜਨਮਦਿਨ ਮਨਾਉਣ ਲਈ ਪੁੱਜਾ ਹੋਇਆ ਸੀ।

ਆਈਆਰਐਸ ਅਧਿਕਾਰੀ ਨੇ ਇਸ ਪੂਰੇ ਮਾਮਲੇ ਸਬੰਧੀ ਖ਼ੁਲਾਸਾ ਕਰਦਿਆਂ ਦੱਸਿਆ ਕਿ ਮੁਲਜ਼ਮ ਦਿੱਲੀ ਵਿੱਚ ਸ੍ਰੀ ਰਾਧੇ ਗਰੱਪ ਆਫ ਇੰਡਸਟਰੀ ਦਾ ਪ੍ਰੋਪਰਾਈਟਰ ਹੈ। ਇਹ ਮੰਡੀ ਗੋਬਿੰਦਗੜ੍ਹ ਤੇ ਆਸਪਾਸ ਦੀਆਂ ਫਰਮਾਂ ਤੋਂ ਬੋਗਸ ਬਿਲਿੰਗ ਕਰ ਰਿਹਾ ਸੀ।

ਮੁਲਜ਼ਮ ਨੇ ਕਰੀਬ 117 ਕਰੋੜ ਦੀ ਸਪਲਾਈ ਦਿਖਾ ਕੇ ਵੱਖ-ਵੱਖ ਫਰਮਾਂ ਨੂੰ 21 ਕਰੋੜ ਦਾ ਕ੍ਰੈਡਿਟ ਪਾਸ ਕੀਤਾ। ਪਰ ਅਮਲੀ ਰੂਪ ਵਿੱਚ ਉਸ ਨੇ ਨਾ ਕੁਝ ਖਰੀਦਿਆ ਤੇ ਨਾ ਹੀ ਕੁਝ ਵੇਚਿਆ। ਉਸ ਦਾ ਕੋਈ ਕਾਰੋਬਾਰ ਵੀ ਨਹੀਂ ਸੀ। ਉਹ ਸਿਰਫ ਬੋਗਸ ਬਿਲਿੰਗ ਹੀ ਕਰ ਰਿਹਾ ਸੀ।

ਮਾਮਲੇ ਦੇ ਜਾਂਚ ਸ਼ੁਰੂ ਹੁੰਦਿਆਂ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੇ ਹੋਰ ਵੀ ਫਰਮਾਂ ਨਾਲ ਰਲ਼ੇ ਹੋਣ ਤੇ ਦਿੱਲੀ ਤੋਂ ਪੰਜਾਬ ਦੇ ਇਲਾਵਾ ਦੂਜੇ ਸੂਬਿਆਂ ਵਿੱਚ ਵੀ ਬੋਗਸ ਬਿਲਿੰਗ ਰੈਕੇਟ ਚਲਾਉਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰ ਸ਼ੱਕੀਆਂ ਨੂੰ ਕਾਬੂ ਕਰਕੇ ਸਰਕਾਰ ਨੂੰ ਲਾਏ ਚੂਨੇ ਦੀ ਪੂਰੀ ਵਸੂਲੀ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਹ ਗ੍ਰਿਫ਼ਤਾਰੀ ਟੈਕਸ ਚੋਰਾਂ ਲਈ ਵੱਡਾ ਸਬਕ ਸਾਬਿਤ ਹੋਏਗੀ।