ਸਿੱਖ ਸੰਗਤ ਦੇ ਰੋਹ ਮਗਰੋਂ ਗੁਰਦਾਸ ਮਾਨ ਨੇ ਮੰਗੀ ਮਾਫੀ, ਵੀਡੀਓ ਜਾਰੀ ਕਰਕੇ ਕਹੀ ਵੱਡੀ ਗੱਲ
ਗੁਰਦਾਸ ਮਾਨ ਨੇ ਸਪਸ਼ਟੀਕਰਨ ਦਿੰਦਿਆਂ ਗੁਰੂਆਂ ਨੂੰ ਸਭ ਤੋਂ ਉੱਪਰ ਦੱਸਦਿਆਂ ਕਿਹਾ ਕਿ ਗੁਰੂਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਤੇ ਮੈਂ ਵੀ ਅਜਿਹੀ ਗੁਸਤਾਖੀ ਨਹੀਂ ਕਰ ਸਕਦਾ।
ਜਲੰਧਰ: ਬੀਤੇ ਦਿਨੀਂ ਜਲੰਧਰ (Jalandhar) ਦੇ ਨਕੋਦਰ ਸਥਿਤ ਡੇਰਾ ਬਾਬਾ ਮੁਰਾਦ ਸ਼ਾਹ (Dera Baba Murad Shah) 'ਚ ਹੋਏ ਮੇਲੇ ਦੌਰਾਨ ਪ੍ਰਸਿੱਧ ਗਾਇਕ ਗੁਰਦਾਸ ਮਾਨ ਵੱਲੋਂ ਸਟੇਜ ਤੋਂ ਸ੍ਰੀ ਗੁਰੂ ਅਮਰਦਾਸ ਜੀ (Guru Amar Das Ji) ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ। ਪਰ ਹੁਣ ਗੁਰਦਾਸ ਮਾਨ ਨੇ ਇਕ ਵੀਡੀਓ ਜਾਰੀ ਕਰਕੇ ਇਸ ਸਬੰਧੀ ਮਾਫੀ ਮੰਗ ਲਈ ਹੈ।
ਗੁਰਦਾਸ ਮਾਨ ਨੇ ਸਪਸ਼ਟੀਕਰਨ ਦਿੰਦਿਆਂ ਗੁਰੂਆਂ ਨੂੰ ਸਭ ਤੋਂ ਉੱਪਰ ਦੱਸਦਿਆਂ ਕਿਹਾ ਕਿ ਗੁਰੂਆਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਤੇ ਮੈਂ ਵੀ ਅਜਿਹੀ ਗੁਸਤਾਖੀ ਨਹੀਂ ਕਰ ਸਕਦਾ। ਉਨ੍ਹਾਂ ਇਹ ਕਿਹਾ ਕਿ ਮੈਂ ਨਕੋਦਰ ਵਿਖੇ ਗੁਰੂ ਸਹਿਬਾਨ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ। ਪਰ ਫਿਰ ਵੀ ਮੇਰੇ ਬਿਆਨ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਸਬੰਧੀ ਮਾਫੀ ਮੰਗਦਾ ਹਾਂ।
ਸਿੱਖ ਭਾਈਚਾਰੇ ਚ ਗੁਰਦਾਸ ਮਾਨ ਦੀ ਟਿੱਪਣੀ ਨੂੰ ਲੈਕੇ ਸਖਤ ਇਤਰਾਜ਼ ਪਾਇਆ ਜਾ ਰਿਹਾ ਸੀ ਤੇ ਉਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੀ। ਅਜਿਹੇ ਚ ਗੁਰਦਾਸ ਮਾਨ ਦਾ ਮਾਫੀਨਾਮਾ ਆਉਣਾ ਵੱਡੀ ਗੱਲ ਹੈ।
ਇਸ ਤੋਂ ਪਹਿਲਾਂ ਮਾਮਲੇ ਸਬੰਧੀ ਜਿੱਥੇ ਜ਼ਿਲ੍ਹੇ ਦੀਆਂ ਸਿੱਖ ਜਥੇਬੰਦੀਆਂ (Sikh Organizations) ਨੇ ਸਵੇਰੇ ਐਸਐਸਪੀ ਨਵੀਨ ਸਿੰਗਲਾ ਨੂੰ ਪੁਲਿਸ ਕਮਿਸ਼ਨਰ ਦੇ ਨਾਂ ਮੰਗ ਪੱਤਰ ਦਿੱਤਾ, ਉੱਥੇ ਹੀ ਗੁਰਦਾਸ ਮਾਨ (Singer Gurdas Maan) ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ ਹੈ, ਜੋ ਬੀਤੀ ਰਾਤ ਵੀ ਜਾਰੀ ਰਿਹਾ।
ਇਸ ਦੌਰਾਨ ਸਿੱਖਾਂ ਦੀ ਮੁੱਖ ਸੰਸਥਾ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਗੁਰਦਾਸ ਮਾਨ ਨੇ ਸਟੇਜ ਤੋਂ ਗੁਰੂਆਂ ਦੀ ਤੁਲਨਾ ਸਾਈਂ ਲਾਡੀ ਸ਼ਾਹ ਨਾਲ ਕੀਤੀ ਹੈ, ਜਦਕਿ ਸਿੱਖ ਗੁਰੂਆਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਅਜਿਹਾ ਕਰਨਾ ਸਿੱਖ ਮਰਿਆਦਾ ਦੇ ਵਿਰੁੱਧ ਹੈ।
ਸਿੱਖ ਗੁਰੂਆਂ ਦੀ ਤੁਲਨਾ ਬਾਬਾ ਮੁਰਾਦ ਸ਼ਾਹ ਨਾਲ ਕਰਨ ਨਾਲ ਦੁਨੀਆਂ ਭਰ 'ਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਸਿੱਖਾਂ ਵੱਲੋਂ ਸਾਰੇ ਧਰਮਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਸਤਿਕਾਰ ਕੀਤਾ ਜਾਂਦਾ ਹੈ। ਪਰ, ਸਿੱਖ ਧਰਮ ਜਾਂ ਗੁਰੂ ਮਹਾਰਾਜ ਬਾਰੇ ਕਿਸੇ ਵੀ ਕਿਸਮ ਦੀ ਟਿੱਪਣੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸੇ ਤਰ੍ਹਾਂ ਰਜਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਪੂਰਥਲਾ ਵੱਲੋਂ ਦਿੱਤੀ ਸ਼ਿਕਾਇਤ 'ਚ ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਪਹਿਲਾਂ ਵੀ ਪੰਜਾਬੀ ਭਾਸ਼ਾ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰ ਚੁੱਕੇ ਹਨ ਜਿਸ ਤੋਂ ਇਹ ਸਪਸ਼ਟ ਹੈ ਕਿ ਗੁਰਦਾਸ ਮਾਨ ਪੰਜਾਬ ਤੇ ਪੰਜਾਬੀਅਤ ਦੇ ਵਿਰੁੱਧ ਹੋ ਚੁੱਖੇ ਹਨ। ਅਜਿਹੇ 'ਚ ਪੁਲਿਸ ਨੂੰ ਗੁਰਦਾਸ ਮਾਨ ਦੇ ਖਿਲਾਫ਼ ਐਫਆਈਆਰ ਦਰਜ ਕਰਨੀ ਚਾਹੀਦੀ ਹੈ।