ਪੜਚੋਲ ਕਰੋ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਪੁਰਬ

ਚੰਡੀਗੜ੍ਹ : ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 308ਵਾਂ ਜੋਤੀ ਜੋਤ ਦਿਵਸ ਹੈ। ਗੁਰੂ ਗੋਬਿੰਦ ਸਿੰਘ ਜੀ 1708 ਚ ਹਜ਼ੂਰ ਸਾਹਿਬ, ਨਾਂਦੇੜ ਦੀ ਧਰਤੀ ਉੱਤੇ ਜੋਤੀ ਜੋਤ ਸਮਾਏ ਸਨ। ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਦਸਮੇਸ਼ ਪਿਤਾ ਜੀ ਦਾ ਜੋਤੀ ਜੋਤ ਪੁਰਬ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਤਿਹਾਸ ਮੁਤਾਬਿਕ ਪੰਜ ਅਕਤੂਬਰ, 1708 ਦੇ ਦਿਨ ਦਸਮੇਸ਼ ਪਿਤਾ ਨੇ ਬੰਦਾ ਸਿੰਘ ਨੂੰ ਥਾਪੜਾ ਦੇ ਕੇ ਨਾਂਦੇੜ ਤੋਂ ਪੰਜਾਬ ਵੱਲ ਤੋਰਿਆ ਅਤੇ ਉਸੇ ਸ਼ਾਮ ਜਮਸ਼ੇਦ ਖਾਂ ਨਾਂ ਦੇ ਪਠਾਣ ਨੇ ਤੰਬੂ ਵਿੱਚ ਸੁੱਤੇ ਹੋਏ ਗੁਰੂ ਸਾਹਿਬ ਉੱਤੇ ਕਟਾਰ ਨਾਲ ਵਾਰ ਕਰ ਦਿੱਤਾ ਸੀ। ਭਾਵੇਂ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰ ਕੇ ਜਮਸ਼ੇਦ ਖ਼ਾਨ ਨੂੰ ਥਾਏਂ ਮਾਰ ਦਿੱਤਾ ਪਰ ਜ਼ਖਮ ਡੂੰਘਾ ਹੋ ਗਿਆ ਸੀ। ਜ਼ਖ਼ਮਾਂ ਦੀ ਮਲ੍ਹਮ ਪੱਟੀ ਵੀ ਕੀਤੀ ਪਰ ਉਹ ਵਧਦੇ ਗਏ। ਇਸੇ ਸਮੇਂ ਦੌਰਾਨ ਗੁਰੂ ਸਾਹਿਬ ਨੇ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸੰਪੂਰਨ ਗ੍ਰੰਥ ਸਾਹਿਬ ਦੀ ਬੀੜ ਨੂੰ ਜੁੱਗੋ ਜੁੱਗ ਅਟੱਲ ਗੁਰੂ ਮੰਨਣ ਦਾ ਸਮੂਹ ਸਿੱਖਾਂ ਨੂੰ ਆਦੇਸ਼ ਦਿੱਤਾ। ਗੁਰੂ ਪਾਤਸ਼ਾਹ ਨੇ ਫ਼ਰਮਾਇਆ ਕਿ ਅੱਜ ਤੋਂ ਸਿੱਖਾਂ ਦਾ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ, ਦਸਾਂ ਗੁਰੂਆਂ ਦੀ ਰਚੀ ਬਾਣੀ ਦਾ ਰੂਪ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸ਼ਬਦ ਗੁਰੂ ਵਜੋਂ ਅਮਰ ਹੋਣਗੇ। ਉਸ ਤੋਂ ਕੁੱਝ ਦਿਨ ਬਾਅਦ ਨਾਂਦੇੜ ਦੀ ਧਰਤੀ ਉੱਤੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ।ਆਪ ਜੀ ਦਾ ਅੰਤਿਮ ਸਸਕਾਰ ਗੋਦਾਵਰੀ ਦਰਿਆ ਦੇ ਕੰਢੇ ਕੀਤਾ ਗਿਆ। ਨਾਂਦੇੜ ਦੀ ਧਰਤੀ ਤੇ ਸੁਸ਼ੋਭਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਪੰਜ ਤਖ਼ਤਾਂ ਚੋਂ ਇੱਕ ਤਖ਼ਤ ਵਜੋਂ ਦੁਨੀਆ ਭਰ ਵਿੱਚ ਪ੍ਰਸਿੱਧ ਨੇ। ਕਲਗ਼ੀਧਰ ਪਿਤਾ ਦੀ ਸ਼ਖ਼ਸੀਅਤ ਤੇ ਨਜ਼ਰ ਮਾਰੀਏ ਤਾਂ ਆਪ ਜੀ ਮਹਾਨ ਵਿਦਵਾਨ, ਮਹਾਨ ਲੇਖਕ, ਮਹਾਨ ਕਵੀ, ਮਨੋਵਿਗਿਆਨੀ, ਸੰਤ-ਸਿਪਾਹੀ, ਕੌਮ ਦੇ ਉਸਰੱਈਏ, ਦੀਨ-ਦੁਖੀ ਦੀ ਬਾਂਹ ਫੜਨ ਵਾਲੇ ਮਹਾਨ ਇਨਕਲਾਬੀ ਗੁਰੂ ਹੋਏ ਹਨ। ਗੁਰੂ ਸਾਹਿਬ ਨੂੰ ਚਿੱਟਿਆਂ ਬਾਜ਼ਾਂ ਵਾਲੇ, ਕਲਗ਼ੀਆਂ ਵਾਲੇ ਜਾਂ ਨੀਲੇ ਘੋੜੇ ਦਾ ਸ਼ਾਹ ਅਸਵਾਰ ਸਮੇਤ ਹੋਰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਕਿਉਂਕਿ ਗੁਰੂ ਜੀ ਨੇ ਸਮੇਂ ਦੀ ਹਕੂਮਤ ਨੂੰ ਵੰਗਾਰਨ ਲਈ ਬਾਜ਼, ਘੋੜਾ ਅਤੇ ਕਲਗ਼ੀ ਗ੍ਰਹਿਣ ਕੀਤੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ ਰਾਜਸੀ ਇਨਕਲਾਬ ਦੀ ਹੀ ਗੱਲ ਨਹੀਂ ਕੀਤੀ ਸਗੋਂ ਲੋਕਾਂ ਦੀ ਆਤਮਾ ਨੂੰ ਵੀ ਅਧਿਆਤਮਿਕਤਾ ਦੇ ਰਾਹ ’ਤੇ ਚਲਾ ਕੇ ਆਪਣੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਆਪਣੇ ਆਚਰਨ ਨੂੰ ਸ਼ੁੱਧ ਰੱਖਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਤੇ ਗੱਦੀਆਂ ਦੇ ਮਾਲਕ ਬਣ ਕੇ ਇਹ ਲੋਕ ਵੀ ਡੋਲ ਨਾ ਜਾਣ ਇਸੇ ਕਰ ਕੇ ‘ਬਾਣੀ’ ਅਤੇ ‘ਬਾਣੇ’ ਦਾ ਸੰਕਲਪ ਗੁਰੂ ਸਾਹਿਬ ਜੀ ਦੀ ਮਨੋਵਿਗਿਆਨਕ ਸੂਝ ਦਾ ਪ੍ਰਤੀਕ ਹੈ। ਗੁਰੂ ਜੀ ਦੀ ਲਾਸਾਨੀ ਸ਼ਖ਼ਸੀਅਤ ਨੂੰ ABP SANJHA ਵੀ ਸ਼ਰਧਾਂਜਲੀ ਭੇਂਟ ਕਰਦਾ ਹੈ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















