ਅੰਮ੍ਰਿਤਸਰ: ਮੋਦੀ ਕੈਬਨਿਟ ਦੇ ਕੀਤੇ ਗਏ ਵਿਸਤਾਰ ਤੋਂ ਬਾਅਦ ਮੰਤਰੀ ਬਣਾਏ ਗਏ ਹਰਦੀਪ ਸਿੰਘ ਪੁਰੀ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਨ੍ਹਾਂ ਨੇ ਦੇਸ਼ ਦੇ ਮੰਤਰੀ ਵਜੋਂ ਮਿਲੀ ਇਸ ਵੱਡੀ ਜ਼ਿਮੇਵਾਰੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।


ਮੋਦੀ ਟੀਮ ਵਿੱਚ ਜੁੜੇ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਨੇ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਗੁਰੂ ਰਾਮ ਦਾਸ ਲੰਗਰ ਹਾਲ ਵਿੱਚ ਸੇਵਾ ਕੀਤੀ ਤੇ ਜੂਠੇ ਬਰਤਨ ਸਾਫ ਕੀਤੇ। ਪੁਰੀ ਨੇ ਸੱਚਖੰਡ ਹਰਿਮੰਦਰ ਵਿੱਚ ਇਲਾਹੀ ਬਾਣੀ ਦਾ ਵੀ ਆਨੰਦ ਲਿਆ। ਹਰਿਮੰਦਰ ਸਾਹਿਬ ਦੇ ਦਰਸ਼ਨ ਕਾਰਨ ਤੋਂ ਬਾਅਦ ਪੁਰੀ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਾਰਨ ਮਗਰੋਂ ਦੁਰਗਿਆਣਾ ਮੰਦਰ ਵੀ ਨਤਮਸਤਕ ਹੋਏ।

ਗੁਰੂ ਨਗਰੀ ਪੁੱਜੇ ਹਰਦੀਪ ਪੁਰੀ ਨੇ ਕਿਹਾ ਕਿ ਉਹ ਖਾਸ ਤੌਰ 'ਤੇ ਵਾਹਿਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਲਈ ਆਏ ਹਨ ਕਿਉਂਕਿ ਦੇਸ਼ ਦੇ ਮੰਤਰੀ ਵਜੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਮਿਲੀ ਹੈ ਉਹ ਸਿਰਫ ਤੇ ਸਿਰਫ ਵਾਹਿਗੁਰੂ ਦੇ ਅਸ਼ੀਰਵਾਦ ਨਾਲ ਹੀ ਮਿਲ ਸਕਦੀ ਹੈ। ਪੁਰੀ ਨੇ ਕਿਹਾ ਕਿ ਉਹ ਹਰ ਸਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਹਨ ਪਰ ਮੰਤਰੀ ਬਣਨ ਤੋਂ ਬਾਅਦ ਉਹ ਅੱਜ ਪਹਿਲੀ ਵਾਰ ਇੱਥੇ ਨਤਮਸਤਕ ਹੋਣ ਲਈ ਆਏ ਹਨ।

ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਨਾਲ ਨਾਲ ਗੁਰੂ ਨਗਰੀ ਅੰਮ੍ਰਿਤਸਰ ਲਈ ਵੀ ਕਈ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕੁੱਲ 4 ਲੱਖ ਗਰੀਬ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦੀ ਯੋਜਨਾ ਹੈ ਜਿਸ ਵਿੱਚੋਂ 42400 ਗਰੀਬਾਂ ਨੂੰ ਘਰ ਬਣਾ ਕੇ ਦੇ ਦਿੱਤੇ ਗਏ ਹਨ।