ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਕੈਪਟਨ ਦੇ ਰਹੇ ਬੀਜੇਪੀ ਦਾ ਸਾਥ- 'ਆਪ'
ਚੀਮਾ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਬੀਜੇਪੀ ਲੀਡਰਾਂ ਦੀ ਸੁਰੱਖਿਆ ਵਧਾਉਣ ਦੀ ਥਾਂ ਉਹ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਕਿਸਾਨ ਅੰਦੋਲਨ ਦਾ ਕੋਈ ਹੱਲ ਕਿਉਂ ਨਹੀਂ ਲੱਭਣ ਦੇ ਯਤਨ ਕਰਦੇ?
ਚੰਡੀਗੜ੍ਹ: ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੱਲੋਂ ਬੀਜੇਪੀ ਲੀਡਰਾਂ ਦੀ ਸੁਰੱਖਿਆ ਵਧਾਉਣ ਅਤੇ ਕਾਂਗਰਸ ਤੇ ‘ਆਪ’ ਦੇ ਆਗੂਆਂ ਦੀ ਸੁਰੱਖਿਆ ਰੀਵਿਊ ਕਰਨ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਸਗੋਂ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਹੈ ਕਿ ਉਨਾਂ ਦੇ ਕਾਂਗਰਸੀਆਂ ਨੂੰ ਹੋਰ ਸੁਰੱਖਿਆ ਦੀ ਲੋੜ ਹੈ ਤਾਂ ਉਹ ਆਪ ਆਗੂਆਂ ਨੂੰ ਦਿੱਤੀ ਸੁਰੱਖਿਆ ਹਟਾ ਕੇ ਉਨ੍ਹਾਂ ਨੂੰ ਦੇ ਸਕਦੇ ਹਨ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਲੀਡਰਾਂ ਨੂੰ ਅੰਨੇਦਾਤੇ ਤੋਂ ਕੋਈ ਖਤਰਾ ਨਹੀਂ ਹੈ। ‘ਆਪ’ ਕਿਸਾਨਾਂ ਦੇ ਅੰਦੋਲਨ ’ਚ ਨਾਲ ਖੜੀ ਹੈ ਇਸ ਲਈ ਪੰਜਾਬ ਸਰਕਾਰ ਦੀ ਸੁਰੱਖਿਆ ਦੀ ਲੋੜ ਨਹੀਂ।
ਚੀਮਾ ਨੇ ਕੈਪਟਨ ਨੂੰ ਸਵਾਲ ਕਰਦਿਆਂ ਕਿਹਾ ਕਿ ਬੀਜੇਪੀ ਲੀਡਰਾਂ ਦੀ ਸੁਰੱਖਿਆ ਵਧਾਉਣ ਦੀ ਥਾਂ ਉਹ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਨਾਲ ਗੱਲਬਾਤ ਕਰਕੇ ਕਿਸਾਨ ਅੰਦੋਲਨ ਦਾ ਕੋਈ ਹੱਲ ਕਿਉਂ ਨਹੀਂ ਲੱਭਣ ਦੇ ਯਤਨ ਕਰਦੇ? ਕੀ ਕੈਪਟਨ ਕਿਸਾਨਾਂ ਦੇ ਸ਼ਾਂਤੀਪੂਰਵਕ ਅੰਦੋਲਨ ਨੂੰ ਕੋਈ ਹੋਰ ਰੰਗਤ ਦੇਣ ਦੇ ਮਾਮਲੇ ਵਿੱਚ ਬੀਜੇਪੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੇ ਹਨ?
ਉਨ੍ਹਾਂ ਕਿਹਾ ਕਿ ਭਾਜਪਾ ਲੀਡਰਾਂ ਨੂੰ ਸੁਰੱਖਿਆ ਦੇਣ ਦੀ ਬਜਾਏ ਪੰਜਾਬ ਸਰਕਾਰ ਨੂੰ ਕਿਸਾਨਾਂ ਲਈ ਸੁਰੱਖਿਆ ਦੇਣੀ ਚਾਹੀਦੀ ਸੀ, ਕਿਸਾਨਾਂ ਦੀਆਂ ਫਸਲਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਸੀ, ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਸੁਰੱਖਿਆ ਦੇਣੀ ਚਾਹੀਦੀ ਸੀ। ਕੈਪਟਨ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਛੱਡਕੇ ਭਾਜਪਾ ਨੂੰ ਸੁਰੱਖਿਆ ਦੇ ਰਹੇ ਹਨ ਤਾਂ ਜੋ ਭਾਜਪਾਈ ਕਿਸਾਨਾਂ ਵਿਰੁੱਧ ਖੁੱਲਕੇ ਪ੍ਰਚਾਰ ਕਰ ਸਕਣ, ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈਆਂ ਚੱਲੀਆਂ ਜਾ ਰਹੀਆਂ ਚਾਲਾਂ ਵਿੱਚ ਕਾਮਯਾਬ ਹੋ ਸਕਣ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਕਰ ਰਹੇ ਹਨ, ਉਦੋਂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੁੱਤ ਮੋਹ ਦੇ ਚਲਦਿਆਂ ਹੋਇਆ ਈਡੀ ਕੇਸਾਂ ਤੋਂ ਬਚਣ ਵਾਸਤੇ ਆਪਣੇ ਕਿਸਾਨਾਂ ਨੂੰ ਭਾਜਪਾ ਦੀ ਮੋਦੀ ਸਰਕਾਰ ਕੋਲ ਵੇਚ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ