ਚੰਡੀਗੜ੍ਹ: ਨਸ਼ਿਆਂ ‘ਤੇ ਬਣੀ STF ਦੇ ਮੁਖੀ ਤੇ ADGP ਹਰਪ੍ਰੀਤ ਸਿੰਘ ਸਿੱਧੂ ਨੂੰ ਐਸਟੀਐਫ ਦਾ ਆਜ਼ਾਦ ਚਾਰਜ ਨਹੀਂ ਮਿਲੇਗਾ। ਇਹ ਦਾਅਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਨੁਪਮ ਗੁਪਤਾ ਅਦਾਲਤ ਵਿੱਚ ਜੋ ਮਰਜ਼ੀ ਕਹੇ, ਪੁਲਿਸ ਫੋਰਸ ਦਾ ਅਨੁਸਾਸ਼ਨ ਕਾਇਮ ਰੱਖਣਾ ਉਨ੍ਹਾਂ ਦਾ ਕੰਮ ਹੈ।

 

ਦਰਅਸਲ ਸਿੱਧੂ ਓਹੀ ਅਫ਼ਸਰ ਹਨ ਜਿਨ੍ਹਾਂ ਦੀ ਨਸ਼ਿਆਂ ਬਾਰੇ ਰਿਪੋਰਟ ‘ਚ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦਾ ਨਾਂ ਆਇਆ ਹੈ। ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੋਂ ਆਜ਼ਾਦ ਚਾਰਜ਼ ਖੋਹਿਆ ਸੀ। ਸਿੱਧੂ ਪਹਿਲਾਂ ਆਜ਼ਾਦ ਹੀ ਕੰਮ ਕਰਦੇ ਸੀ ਪਰ ਪਿੱਛੇ ਸਮੇਂ ਉਨ੍ਹਾਂ ਨੂੰ ਡੀਜੀਪੀ ਸੁਰੇਸ਼ ਅਰੋੜਾ ਦੀ ਕਮਾਨ ਹੇਠ ਕਰ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਰਡਰ ਰੇਂਜ ਦਾ ਚਾਰਜ ਵੀ ਵਾਪਸ ਲਿਆ ਗਿਆ ਸੀ।

ਸੂਤਰਾਂ ਮੁਤਾਬਕ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਦਿਨਕਾਰ ਗੁਪਤਾ ਨਾਲ ਸਿੱਧੂ ਦਾ ਛੱਤੀ ਦਾ ਅੰਕੜਾ ਹੈ ਤੇ ਇਹ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਮੁੱਖ ਮੰਤਰੀ ਵੱਲੋਂ ਸਿੱਧੂ ਨੂੰ ਆਜ਼ਾਦ ਚਾਰਜ ਦੇਣ ਬਾਅਦ ਹੀ ਦੋਵੇਂ ਡੀਜੀਪੀ ਦੁਖੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਬਰਾਬਰ ਨਵਾਂ ਸ਼ਰੀਕ ਖੜ੍ਹਾ ਕਰ ਦਿੱਤਾ ਹੈ।