ਕੈਂਸਰ ਸੈਂਟਰ ਨੂੰ ਕੋਰੋਨਾ ਸੈਂਟਰ ਬਣਾਉਣਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ- ਹਰਸਿਮਰਤ
ਹਰਸਿਮਰਤ ਨੇ ਇਸ ਮਾਮਲੇ ’ਤੇ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਐਡਵਾਂਸ ਕੈਂਸਰ ਸੈਂਟਰ ਮਾਲਵਾ ਪੱਟੀ ਦੇ ਕੈਂਸਰ ਮਰੀਜ਼ਾਂ ਜੋ ਕਿ ਕੋਰੋਨਾ ਕਾਰਨ ਬੀਕਾਨੇਰ ਸਥਿਤ ਅਚਖਾਰਿਆ ਤੁਲਸੀ ਕੈਂਸਰ ਇੰਸਟੀਚਿਊਟ ਵਿਖੇ ਨਹੀਂ ਜਾ ਸਕਦੇ ਉਨ੍ਹਾਂ ਲਈ ਆਸ ਦੀ ਆਖਰੀ ਕਿਰਨ ਹੈ।
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਬਠਿੰਡਾ ਵਿਖੇ ਐਡਵਾਂਸ ਕੈਂਸਰ ਅਤੇ ਡਾਇਗਨੌਸਟਿਕ ਸੈਂਟਰ ਨੂੰ ਕੋਰੋਨਾ ਸੈਂਟਰ ਵਿਚ ਤਬਦੀਲ ਕਰਨ ਵਾਸਤੇ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਇਸ ਫੈਸਲੇ ਦੀ ਸਮੀਖਿਆ ਕਰਨ ਅਤੇ ਸਮਰਪਿਤ ਕੋਰੋਨਾ ਸੰਭਾਲ ਲਈ ਏਮਜ਼ ਹਸਪਤਾਲ ਸਮੇਤ ਹੋਰ ਉਪਲਬਧ ਸਹੂਲਤਾਂ ਵਰਤ ਲੈਣ।
ਹਰਸਿਮਰਤ ਨੇ ਇਸ ਮਾਮਲੇ ’ਤੇ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਐਡਵਾਂਸ ਕੈਂਸਰ ਸੈਂਟਰ ਮਾਲਵਾ ਪੱਟੀ ਦੇ ਕੈਂਸਰ ਮਰੀਜ਼ਾਂ ਜੋ ਕਿ ਕੋਰੋਨਾ ਕਾਰਨ ਬੀਕਾਨੇਰ ਸਥਿਤ ਅਚਖਾਰਿਆ ਤੁਲਸੀ ਕੈਂਸਰ ਇੰਸਟੀਚਿਊਟ ਵਿਖੇ ਨਹੀਂ ਜਾ ਸਕਦੇ ਉਨ੍ਹਾਂ ਲਈ ਆਸ ਦੀ ਆਖਰੀ ਕਿਰਨ ਹੈ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਹਸਪਤਾਲ ਨੂੰ ਵੀ ਕੋਰੋਨਾ ਸੈਂਟਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਐਡਵਾਂਸ ਕੈਂਸਰ ਇੰਸਟੀਚਿਊਟ ਹੀ ਕੈਂਸਰ ਮਰੀਜ਼ਾਂ ਲਈ ਆਖਰੀ ਵਿਕਲਪ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਕੈਂਸਰ ਸੈਂਟਰ ਵਿਚ ਰੋਜ਼ਾਨਾ 150 ਤੋਂ 200 ਮਰੀਜ਼ ਰੇਡੀਓਥੈਰੇਪੀ ਕਰਵਾਉਂਦੇ ਹਨ ਅਤੇ ਰੇਡੀਓਥੈਰੇਪੀ ਕਰਵਾਉਣ ਵਸਤੇ ਵੀ ਢਾਈ ਮਹੀਨੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਰੋਜ਼ਾਨਾ 5 ਤੋਂ 10 ਸਰਜਰੀਆਂ ਵੀ ਹੁੰਦੀਆਂ ਹਨ। ਹਰਸਿਮਰਤ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਕੈਂਸਰ ਸੈਂਟਰ ਬੰਦ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਬਾਰੇ ਫੀਡ ਬੈਕ ਨਹੀਂ ਲਈ।
ਉਨ੍ਹਾਂ ਕਿਹਾ ਕਿ ਰੇਡੀਓਥੈਰੇਪੀ ਮਸ਼ੀਨਾਂ ਨੂੰ ਕਿਤੇ ਹੋਰ ਸ਼ਿਫਟ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਿਫਟਿੰਗ ਵੇਲੇ ਜੇਕਰ ਕੋਈ ਲੀਕੇਜ ਹੋ ਗਈ ਤਾਂ ਤਬਾਹੀ ਮਚ ਜਾਵੇਗੀ। ਉਹਨਾਂ ਕਿਹਾ ਕਿ ਕੈਂਸਰ ਸੈਂਟਰ ਵਿਚ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਡਾਕਟਰਾਂ ਵਾਸਤੇ ਵਿਸ਼ੇਸ਼ ਸਹੂਲਤਾਂ ਸਿਰਜੀਆਂ ਹੋਈਆਂ ਹਨ। ਹਰਸਮਿਰਤ ਕਿਹਾ ਕਿ ਇਹ ਸਿਵਲ ਹਸਪਤਾਲ ਵਿਚ ਉਪਲਬਧ ਨਹੀਂ ਹੋਣਗੀਆਂ।
ਹਰਸਮਿਰਤ ਕਿਹਾ ਕਿ ਉਹਨਾਂ ਨੂੰ ਪਹਿਲਾਂ ਹੀ ਮਾਯੁਸ ਲੋਕਾਂ ਦੇ ਫੋਨ ਆ ਰਹੇ ਹਨ। ਕੈਂਸਰ ਮਰੀਜ਼ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਦੀ ਜਾਨ ਖ਼ਤਰੇ ਹੈ।