ਚੰਡੀਗੜ੍ਹ: ਡੇਰਾ ਸਿਰਸਾ ਖਿਲਾਫ ਜ਼ਮੀਨੀ ਵਿਵਾਦ ਦੇ ਕੇਸ ਵਿੱਚ ਵਕੀਲ ਦਾ ਨਾਂ ਐਫ.ਆਈ.ਆਰ. ਵਿੱਚ ਆਉਣ ਤੋਂ ਬਾਅਦ ਵਕੀਲਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਐਲਾਨ ਤੋਂ ਘਬਰਾਈ ਹਰਿਆਣਾ ਪੁਲਿਸ ਨੇ ਵਕੀਲ ਦਾ ਨਾਂ ਐਫ.ਆਈ.ਆਰ. ਵਿੱਚੋਂ ਕੱਢ ਦਿੱਤਾ ਹੈ।

ਰੀਅਲ ਅਸਟੇਟ ਕਾਰੋਬਾਰੀ ਅਜੇਵੀਰ ਸਹਿਗਲ ਨੇ ਪੰਚਕੂਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਦੀ ਤਿੰਨ ਮਹੀਨੇ ਦੀ ਮੁਢਲੀ ਜਾਂਚ ਤੋਂ ਬਾਅਦ 40 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਵਿੱਚ ਰਾਮ ਰਹੀਮ ਦੇ ਵਕੀਲ ਐਸ.ਕੇ. ਗਰਗ ਨਿਰਵਾਣਾ ਦਾ ਨਾਂ ਵੀ ਸ਼ਾਮਲ ਕੀਤਾ ਗਿਆ।



ਪੁਲਿਸ ਵੱਲੋਂ ਐਫ.ਆਈ.ਆਰ. ਵਿੱਚ ਸਾਥੀ ਦਾ ਨਾਂ ਆਉਣ ਤੋਂ ਭੜਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਪੰਚਕੂਲਾ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਨੇ ਚਿੱਠੀ ਜਾਰੀ ਕਰਕੇ ਵਕੀਲ ਵਿਰੁੱਧ ਕੋਈ ਕੇਸ ਨਾ ਬਣਦਾ ਹੋਣ ਦੀ ਗੱਲ ਕਹੀ ਹੈ।

ਹਾਲਾਂਕਿ, ਸ਼ਿਕਾਇਤ ਪ੍ਰਾਪਤ ਹੋਣ ਤੋਂ ਤਿੰਨ ਮਹੀਨੇ ਬਾਅਦ 'ਮੁਢਲੀ ਜਾਂਚ' ਕਰਕੇ ਹੀ ਪੁਲਿਸ ਨੇ ਬਲਾਤਕਾਰੀ ਬਾਬਾ ਰਾਮ ਰਹੀਮ ਦੇ ਵਕੀਲ ਐਸ.ਕੇ. ਨਰਵਾਣਾ ਸਮੇਤ 40 ਲੋਕਾਂ ‘ਤੇ ਜਬਰੀ ਵਸੂਲੀ ਦਾ ਕੇਸ ਦਰਜ ਕੀਤਾ ਸੀ। ਹੁਣ ਪੁਲਿਸ ਦੀ ਪਾਰਖੂ ਅੱਖ ਨੇ 'ਪਹਿਲੀ ਨਜ਼ਰੇ' ਵਕੀਲ ਨੂੰ ਮੁਲਜ਼ਮ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਸ ਕੇਸ ਦਾ ਜਾਂਚ ਅਧਿਕਾਰੀ ਨਰਵਾਣਾ ਵਿਰੁੱਧ ਕੋਈ ਕਾਰਵਾਈ ਕਰਨੀ ਚਾਹੇਗਾ ਤਾਂ ਇਸ ਦੀ ਸੂਚਨਾ ਪਹਿਲਾਂ ਬਾਰ ਕੌਂਸਲ ਨੂੰ ਦਿੱਤੀ ਜਾਵੇ।

ਕਾਲੋਨਾਈਜਰ ਨੇ ਰਾਮ ਰਹੀਮ, ਉਸ ਦੇ ਵਕੀਲ ਤੇ ਭਗਤਾਂ ‘ਤੇ ਡਰਾ-ਧਮਕਾ ਕੇ ਜ਼ਮੀਨ ਹੜੱਪਣ ਦੇ ਇਲਜ਼ਾਮ ਤੇ ਰਾਮ ਰਹੀਮ ਦੇ ਖਾਸ-ਮ-ਖਾਸ ਚਮਕੌਰ ਸਿੰਘ ਤੇ ਰਾਮ ਮੂਰਤੀ ਵੱਲੋਂ ਉਸ ਤੋਂ 50 ਲੱਖ ਰੁਪਏ ਤੇ ਇੱਕ ਫਲੈਟ 'ਜ਼ਬਰਦਸਤੀ' ਤੋਹਫੇ ਵਜੋਂ ਲੈਣ ਦੇ ਇਲਜ਼ਾਮ ਲਾਉਂਦਿਆਂ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਇਸ ਸਬੰਧੀ ਦੋ ਮਾਰਚ ਨੂੰ ਕੇਸ ਦਰਜ ਕਰ ਲਿਆ ਸੀ, ਜਿਸ ਵਿੱਚ ਮੁਲਜ਼ਮ ਬਣਾਏ ਰਾਮ ਰਹੀਮ ਦੇ ਵਕੀਲ ਨੂੰ ਹੁਣ 'ਬਖ਼ਸ਼' ਦਿੱਤਾ ਗਿਆ ਹੈ।