ਚੰਡੀਗੜ੍ਹ: ਮੁਕਤਸਰ ਜ਼ਿਲ੍ਹੇ ਦੇ ਪਿੰਡ ਭੂੰਦੜ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਚਰਨਦਾਸ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਚਰਨਦਾਸ ਦੇ ਕਤਲ ਤੋਂ ਬਾਅਦ ਡੇਰਾ ਸਿਰਸਾ ਦੇ ਉਨ੍ਹਾਂ ਪ੍ਰੇਮੀਆਂ ਦੇ ਘਰਾਂ ਦੇ ਬਾਹਰ ਪੂਰੀ ਰਾਤ ਪੁਲਿਸ ਤਾਇਨਾਤ ਰਹੀ, ਜੋ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ।

ਪੁਲਿਸ ਦੀ ਮੁਸਤੈਦੀ ਕੋਟਕਪੂਰਾ, ਫਰੀਦਕੋਟ ਤੇ ਬਠਿੰਡਾ ਵਿੱਚ ਜ਼ਿਆਦਾ ਦੇਖਣ ਨੂੰ ਮਿਲੀ ਕਿਉਂਕਿ ਡੇਰਾ ਸਿਰਸਾ ਨੂੰ ਲੈ ਕੇ ਸਭ ਤੋਂ ਵੱਧ ਵਿਵਾਦ ਇਨ੍ਹਾਂ ਇਲਾਕਿਆਂ ਵਿੱਚ ਹੀ ਹੁੰਦੇ ਰਹੇ ਹਨ। ਇਸ ਲਈ ਪੁਲਿਸ ਨੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਦੂਜੇ ਪਾਸੇ ਚਰਨਦਾਸ ਦੇ ਕਤਲ ਦੇ ਬਾਅਦ ਵੀ ਸ਼ਨੀਵਾਰ ਤੱਕ ਕਿਸੇ ਨੇ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ? ਪੁਲਿਸ ਨੂੰ ਕਾਤਲਾਂ ਬਾਰੇ ਵੀ ਕੋਈ ਸੁਰਾਗ ਨਹੀਂ ਮਿਲਿਆ। ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਚਰਨਦਾਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।

ਸਾਲ 2015 ਵਿੱਚ ਪਿੰਡ ਬੁਰਜ ਜਵਾਹਰਕੇ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਪੰਜ ਡੇਰਾ ਪ੍ਰੇਮੀਆਂ ਨਿਸ਼ਾਨ ਸਿੰਘ, ਕੋਟਕਪੂਰਾ ਦੇ ਰਣਜੀਤ ਸਿੰਘ ਤੇ ਪ੍ਰਦੀਪ ਸਿੰਘ, ਫਰੀਦਕੋਟ ਦੇ ਬਲਜੀਤ ਸਿੰਘ ਤੇ ਸ਼ਕਤੀ ਸਿੰਘ ਤੇ ਇੱਕ ਹੋਰ ਮੁਲਜ਼ਮ ਸੁਖਵਿੰਦਰ ਸਿੰਘ ਸੰਨੀ ਨੂੰ ਨਾਮਜ਼ਦ ਕੀਤਾ ਸੀ। ਇਹ ਸਾਰੇ ਹੁਣ ਜ਼ਮਾਨਤ 'ਤੇ ਬਾਹਰ ਹਨ। ਪੁਲਿਸ ਤਰਫ਼ੋਂ ਦੇਰ ਰਾਤ ਤੱਕ ਸਾਰਿਆਂ ਦੇ ਘਰਾਂ ਦੇ ਬਾਹਰ ਪੁਲਿਸ ਪਹਿਰਾ ਲਾਇਆ ਗਿਆ ਸੀ। ਉਨ੍ਹਾਂ ਨੂੰ ਪਹਿਲਾਂ ਹੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ, ਜਿਸ ਨੂੰ ਹੋਰ ਸਖ਼ਤ ਕੀਤਾ ਗਿਆ ਹੈ।

ਪੰਜਾਬ ਦੇ ਸਾਰੇ ਨਾਮਚਰਚਾ ਘਰਾਂ ਦੇ ਬਾਹਰ ਪੁਲਿਸ ਦਾ ਸਖ਼ਤ ਪਹਿਰਾ ਹੈ। ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦਾ ਦੇਰ ਰਾਤ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਨਿੱਜੀ ਤੌਰ ’ਤੇ ਜਾਇਜ਼ਾ ਲਿਆ ਗਿਆ ਹੈ। ਪੁਲਿਸ ਦੇ ਗਜ਼ਟਿਡ ਅਧਿਕਾਰੀਆਂ ਨੂੰ ਡੇਰਾ ਪ੍ਰੇਮੀਆਂ ਅਤੇ ਵਿਵਾਦਾਂ ਵਿਚ ਘਿਰੇ ਡੇਰਾ ਪ੍ਰੇਮੀਆਂ ਦੇ ਘਰਾਂ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਹੁਣ ਤੱਕ ਕਤਲ ਕੀਤੇ ਡੇਰਾ ਪ੍ਰੇਮੀ
13 ਜੂਨ 2016 ਨੂੰ ਬੁਰਜ ਜਵਾਹਰ ਸਿੰਘ ਵਾਲਾ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ 'ਤੇ ਦੋ ਨੌਜਵਾਨਾਂ ਵੱਲੋਂ ਗੋਲੀ ਚਲਾ ਦਿੱਤੀ ਗਈ ਸੀ ਤੇ 5 ਦਿਨਾਂ ਬਾਅਦ ਡੀਐਮਸੀ ਵਿੱਚ ਉਸ ਦੀ ਮੌਤ ਹੋ ਗਈ ਸੀ।

22 ਜੂਨ, 2019 ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ (49) ਵਾਸੀ ਫ਼ਰੀਦਕੋਟ ਦਾ ਦੋ ਹੋਰ ਕੈਦੀਆਂ ਵੱਲੋਂ ਲੋਹੇ ਦੀਆਂ ਸਲਾਖਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ।

20 ਨਵੰਬਰ 2020 ਨੂੰ ਪੰਜਾਬ ਦੇ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਕਸਬਾ ਭਗਤਾ ਭਾਈਕਾ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦੁਕਾਨ ਵਿੱਚ ਬੈਠੇ ਇੱਕ ਡੇਰਾ ਪ੍ਰੇਮੀ ਦਾ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਚਾਰ ਵਾਰ ਫਾਇਰ ਕੀਤੇ। ਮ੍ਰਿਤਕ ਦੀ ਪਛਾਣ ਮਨੋਹਰ ਲਾਲ (55) ਵਜੋਂ ਹੋਈ ਹੈ।

3 ਦਸੰਬਰ 2021 ਨੂੰ ਚਰਨਦਾਸ ਨਾਂ ਦੇ ਵਿਅਕਤੀ ਨੂੰ ਦੁਕਾਨ 'ਚ ਦਾਖਲ ਹੋ ਕੇ ਦੋ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ, ਜਿਸ ਨੂੰ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: Cauliflower For Health: ਜੇਕਰ ਤੁਹਾਨੂੰ ਇਹ ਬਿਮਾਰੀਆਂ ਤਾਂ ਭੁੱਲ ਕੇ ਵੀ ਨਾ ਖਾਓ ਫੁੱਲ ਗੋਭੀ, ਵਧ ਸਕਦੀ ਪ੍ਰੇਸ਼ਾਨੀ


 



 


https://apps.apple.com/in/app/811114904