ਨਵੀਂ ਦਿੱਲੀ: ਜੇਲ੍ਹ ਵਿੱਚ ਬੰਦ ਬਲਾਤਕਾਰੀ ਬਾਬਾ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਖ਼ਬਰ ਹੈ ਕਿ ਹਨੀਪ੍ਰੀਤ ਨੇਪਾਲ ਵਿੱਚ ਹੈ। ਉਹ ਬਹੁਤ ਡਰੀ ਹੋਈ ਹੈ। ਉਹ ਬਚਣ ਲਈ ਵਾਰ-ਵਾਰ ਆਪਣੀ ਲੋਕੇਸ਼ਨ ਬਦਲ ਰਹੀ ਹੈ। ਸੂਤਰਾਂ ਮੁਤਾਬਕ, ਨੇਪਾਲ ਪੁਲਿਸ ਦੀ ਮਦਦ ਨਾਲ ਹਨੀਪ੍ਰੀਤ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਰਾਮ ਰਹੀਮ ਦੇ ਗੁਪਤ ਅੱਡੇ 'ਤੇ ਲੁਕੀ ਹਨੀਪ੍ਰੀਤ:
ਹਨੀਪ੍ਰੀਤ ਨੇਪਾਲ ਭੱਜ ਚੁੱਕੀ ਹੈ। ਸੂਤਰਾਂ ਮੁਤਾਬਕ ਹਨੀਪ੍ਰੀਤ ਨੂੰ ਨੇਪਾਲ ਦੇ ਧਨਾਰ-ਇਟਹਰੀ ਇਲਾਕੇ ਵਿੱਚ ਵੇਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਮਹਿੰਦਰਗੜ੍ਹ ਦੇ ਰਸਤੇ ਨੇਪਾਲ ਪਹੁੰਚੀ ਤੇ ਕੰਚਨਪੁਰ, ਗੋਰਾਹੀ ਤੋਂ ਹੁੰਦਿਆਂ ਹੋਇਆਂ ਰਾਮ ਰਹੀਮ ਦੇ ਕਿਸੇ ਗੁਪਤ ਅੱਡੇ 'ਤੇ ਲੁਕੀ ਹੋਈ ਹੈ।
ਹਨੀਪ੍ਰੀਤ ਨੂੰ ਨੇਪਾਲ ਵਿੱਚ ਦੇਖੇ ਜਾਣ ਦਾ ਦਾਅਵਾ ਇਸ ਲਈ ਸਹੀ ਹੋ ਸਕਦਾ ਹੈ, ਕਿਉਂਕਿ ਉਦੈਪੁਰ ਤੋਂ ਪੁਲਿਸ ਦੀ ਗ੍ਰਿਫਤ ਵਿੱਚ ਆਏ ਰਾਮ ਰਹੀਮ ਦੇ ਭਗਤ ਪ੍ਰਦੀਪ ਗੋਇਲ ਨੇ ਵੀ ਉਸ ਦੇ ਨੇਪਾਲ ਭੱਜਣ ਦਾ ਸੁਰਾਗ ਦਿੱਤਾ ਹੈ। ਉਧਰ, ਹਨੀਪ੍ਰੀਤ ਬਾਰੇ ਮਿਲੇ ਸੁਰਾਗ ਤੋਂ ਬਾਅਦ ਨੇਪਾਲ ਨਾਲ ਲੱਗਦੇ ਬਿਹਾਰ ਦੇ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਭਾਰਤ-ਨੇਪਾਲ ਬਾਰਡਰ 'ਤੇ ਤਾਇਨਾਤ ਜਵਾਨ ਵੀ ਅਲਰਟ ਹਨ ਤੇ ਹਨੀਪ੍ਰੀਤ ਦੀ ਭਾਲ ਕਰ ਰਹੇ ਹਨ।
ਨੇਪਾਲ ਦੇ ਬਿਲਕੁਲ ਨਾਲ ਲੱਗਦੇ ਬਿਹਾਰ ਦੇ ਸੱਤ ਜ਼ਿਲ੍ਹਿਆਂ ਵਿੱਚ ਹਨੀਪ੍ਰੀਤ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਚੱਲ ਰਿਹਾ ਹੈ। ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸੀਤਾਮੜੀ, ਮਧੂਬਨੀ, ਸੁਪੌਲ, ਅਰਰਿਆ ਤੇ ਕਿਸ਼ਨਗੰਜ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉੱਧਰ ਹਨੀਪ੍ਰੀਤ ਦੇ ਸਰਚ ਅਪਰੇਸ਼ਨ ਵਿੱਚ ਨੇਪਾਲ ਪੁਲਿਸ ਭਾਰਤੀ ਪੁਲਿਸ ਦੀ ਮਦਦ ਕਰ ਰਹੀ ਹੈ। ਇਸ ਕੜੀ ਵਿੱਚ ਕੁਝ ਥਾਵਾਂ 'ਤੇ ਛਾਪੇ ਮਾਰੇ ਗਏ ਹਨ।
ਨੇਪਾਲ ਤੇ ਭਾਰਤ ਵਿੱਚ ਹਵਾਲਗੀ ਦੀ ਨਹੀਂ ਕੋਈ ਸੰਧੀ:
ਪੁਲਿਸ ਦੀ ਜਾਂਚ ਵਿੱਚ ਹਨੀਪ੍ਰੀਤ ਦੀ ਆਖ਼ਰੀ ਲੋਕੇਸ਼ਨ ਰਾਜਸਥਾਨ ਦੇ ਬਾੜਮੇਰ ਬਾਰੇ ਪਤਾ ਲੱਗਾ ਹੈ ਪਰ ਉਸ ਤੋਂ ਬਾਅਦ ਤੋਂ ਹਨੀਪ੍ਰੀਤ ਬਾਰੇ ਹਰਿਆਣਾ ਪੁਲਿਸ ਦੇ ਹੱਥ ਖਾਲੀ ਹਨ। ਨੇਪਾਲ ਤੇ ਭਾਰਤ ਦਰਮਿਆਨ ਹਵਾਲਗੀ ਦੀ ਕੋਈ ਸੰਧੀ ਨਹੀਂ ਹੈ। ਅਜਿਹੇ ਵਿੱਚ ਜੇਕਰ ਹਨੀਪ੍ਰੀਤ ਨੇਪਾਲ ਭੱਜਣ ਵਿੱਚ ਕਾਮਯਾਬ ਹੋ ਗਈ ਹੈ ਤਾਂ ਹੁਣ ਜਾਂਚ ਏਜੰਸੀਆਂ ਨੂੰ ਬਾਬੇ ਦੀ ਮੂੰਹਬੋਲੀ ਬੇਟੀ ਨੂੰ ਵਾਪਸ ਲਿਆਉਣ ਵਿੱਚ ਕਈ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ।