ਹੁਸ਼ਿਆਰਪੁਰ: ਸਥਾਨਕ ਪੁਲਿਸ ਨੇ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦਰਅਸਲ ਪੁਲਿਸ ਨੂੰ ਹੁਸ਼ਿਆਰਪੁਰ-ਊਨਾ ਰੋਡ 'ਤੇ ਪਿੰਡ ਨਾਰਾ ਦੇ ਜੰਗਲਾਂ ਵਿੱਚੋਂ ਬਗੈਰ ਸਿਰ ਤੋਂ ਲਾਸ਼ ਬਰਾਮਦ ਹੋਈ ਸੀ। ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਮਾਮਲੇ ਬਾਰੇ ਖ਼ੁਲਾਸਾ ਕੀਤਾ ਕਿ ਲਾਸ਼ ਚਿਰਾਜਦੀਪ ਨਾਂ ਦੇ ਲੜਕੇ ਦੀ ਸੀ ਜਿਸ ਦਾ ਉਸ ਦੇ ਸਹੁਰੇ ਨੇ ਹੀ ਕਤਲ ਕੀਤਾ ਸੀ। ਮ੍ਰਿਤਕ ਆਪਣੇ ਸਹੁਰੇ ਨੂੰ ਪ੍ਰੇਸ਼ਾਨ ਕਰਦਾ ਸੀ ਜਿਸ ਕਰਕੇ ਅਕਸਰ ਦੋਵਾਂ ਵਿਚਾਲੇ ਝਗੜਾ ਹੁੰਦਾ ਸੀ।


ਪ੍ਰਭਦੀਪ ਨੇ ਆਪਣੇ ਘਰਦਿਆਂ ਦੀ ਮਰਜ਼ੀ ਖ਼ਿਲਾਫ਼ ਜਾ ਕੇ ਚਿਰਾਜਦੀਪ ਨਾਲ ਵਿਆਹ ਕਰਵਾ ਲਿਆ। ਇਸ ਪਿੱਛੋਂ ਚਿਰਾਗ ਦਾ ਅਕਸਰ ਆਪਣੇ ਸਹੁਰੇ ਨਾਲ ਝਗੜਾ ਹੁੰਦਾ ਰਹਿੰਦਾ ਸੀ। ਇੱਕ ਦਿਨ ਝਗੜੇ ਬਾਅਦ ਸਹੁਰੇ ਨੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਸਹੁਰੇ ਨੂੰ ਕਤਲ ਵੇਲੇ ਵਰਤੇ ਗਏ ਹਥਿਆਰ ਸਮੇਤ ਹਿਰਾਸਤ ਵਿੱਚ ਲੈ ਲਿਆ ਹੈ।

ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਖ਼ੁਲਾਸਾ ਕੀਤਾ ਕਿ ਪ੍ਰਭਦੀਪ ਨੇ ਆਪਣੇ ਘਰਵਾਲਿਆਂ ਦੀ ਮਰਜ਼ੀ ਬਗੈਰ ਚਿਰਾਜਦੀਪ ਨਾਲ ਵਿਆਹ ਕਰਵਾਇਆ ਤੇ ਦੋਵੇਂ ਜਣੇ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਵਿੱਚ ਰਹਿਣ ਲੱਗ ਗਏ। ਦੋਵੇਂ ਜਣਿਆਂ ਦੀ ਫੇਸਬੁੱਕ ਤੋਂ ਮੁਲਾਕਾਤ ਹੋਈ ਸੀ। ਵਿਆਹ ਮਗਰੋਂ ਚਿਰਾਜ ਤੇ ਪ੍ਰਭਦੀਪ ਦੀ ਅਕਸਰ ਲੜਾਈ ਹੁੰਦੀ ਸੀ।

23 ਅਪਰੈਲ ਦੀ ਰਾਤ ਦੋਵੇਂ ਆਪਸ ਵਿੱਚ ਝਗੜ ਪਏ। ਇਸ ਤੋਂ ਪਹਿਲਾਂ ਕਿ ਚਿਰਾਜ ਦਾਤਰ ਨਾਲ ਆਪਣੇ ਸਹੁਰੇ 'ਤੇ ਵਾਰ ਕਰਦਾ, ਸਹੁਰੇ ਬਲਵਿੰਦਰ ਸਿੰਘ ਨੇ ਉਸ ਕੋਲੋਂ ਦਾਤਰ ਖ਼ੋਹ ਕੇ ਉਸ ਦਾ ਕਤਲ ਕਰ ਦਿੱਤਾ ਤੇ ਲਾਸ਼ ਨੇੜਲੇ ਜੰਗਲਾਂ ਵਿੱਚ ਸੁੱਟ ਦਿੱਤੀ। ਜਦ ਪੁਲਿਸ ਨੇ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਮ੍ਰਿਤਕ ਦੇ ਮੋਬਾਈਲ ਨੂੰ ਟਰੈਕ ਕਰਕੇ ਸਾਰਾ ਮਾਮਲਾ ਸਾਹਮਣੇ ਆ ਗਿਆ।

ਮ੍ਰਿਤਕ ਚਿਰਾਜਦੀਪ ਦੇ ਸਹੁਰੇ ਨੇ ਪੁਲਿਸ ਨੂੰ ਦੱਸਿਆ ਕਿ ਵਿਆਹ ਮਗਰੋਂ ਚਿਰਾਜ ਉਸ ਨੂੰ ਟੈਂਪੂ ਲੈ ਕੇ ਦੇਣ ਲਈ ਪ੍ਰੇਸ਼ਾਨ ਕਰਦਾ ਸੀ। 23 ਤਾਰੀਖ਼ ਨੂੰ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਚਿਰਾਜ ਬਲਵਿੰਦਰ ਸਿੰਘ ਨੂੰ ਮਾਰਨ ਵਾਲਾ ਸੀ ਇਸੇ ਲਈ ਉਨ੍ਹਾਂ ਚਿਰਾਜ ਨੂੰ ਮਾਰ ਦਿੱਤਾ।