ਹੁਸ਼ਿਆਰਪੁਰ: ਸਥਾਨਕ ਪੁਲਿਸ ਨੇ ਬੀਤੀ ਦੇਰ ਰਾਤ ਜ਼ਮੀਨ ਵਿੱਚ ਦੱਬੀ ਲਾਸ਼ ਬਰਾਮਦ ਕੀਤੀ ਹੈ। ਦਰਅਸਲ, ਤਿੰਨ ਦਿਨ ਪਹਿਲਾਂ ਪਿੰਡ ਸਲੇਮਪੁਰ ਦੇ ਸਤਪਾਲ ਸਿੰਘ ਦੀ ਅਚਾਨਕ ਮੌਤ ਹੋ ਗਈ ਸੀ। ਮ੍ਰਿਤਕ ਦੀ ਭੈਣ ਨੇ ਆਪਣੀ ਭਰਜਾਈ ’ਤੇ ਉਸ ਦੇ ਭਰਾ ਸਤਪਾਲ ਦੇ ਕਤਲ ਦਾ ਇਲਜ਼ਾਮ ਲਾਇਆ ਸੀ ਜਦਕਿ ਪਤਨੀ ਨੇ ਆਪਣੇ ’ਤੇ ਲੱਗੇ ਇਲਜ਼ਾਮ ਤੋਂ ਸਾਫ਼ ਇਨਕਾਰ ਕੀਤਾ ਹੈ। ਪੁਲਿਸ ਨੇ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮ੍ਰਿਤਕ ਸਤਪਾਲ ਦੀ ਲਾਸ਼ ਬਰਾਮਦ ਕੀਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਮ੍ਰਿਤਕ ਸਤਪਾਲ ਦੀ ਭੈਣ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਭਰਾ ਦੇ ਘਰ ਫੇਰਾ ਮਾਰਦੀ ਸੀ, ਹਰ ਵਾਰ ਉਸ ਦਾ ਭਰਾ ਬਿਮਾਰ ਹੀ ਰਹਿੰਦਾ ਸੀ ਤੇ ਭਰਜਾਈ ਆਪਣੇ ਪਤੀ ਦੀ ਬਿਨਾ ਪਰਵਾਹ ਕੀਤੇ ਕੰਮ ’ਤੇ ਚਲੀ ਜਾਂਦੀ ਸੀ। ਉਸ ਨੇ ਕਿਹਾ ਕਿ ਭਰਜਾਈ ਨੇ ਜ਼ਮੀਨ ਹਥਿਆਉਣ ਦੀ ਲਾਲਚ ਵਿੱਚ ਉਸ ਦੇ ਬਿਮਾਰ ਭਰਾ ਦਾ ਸਹੀ ਇਲਾਜ ਨਹੀਂ ਕਰਵਾਇਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਉਸ ਨੇ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕ ਸਤਪਾਲ ਦੀ ਲਾਸ਼ ਬਰਾਮਦ ਕਰ ਲਈ ਹੈ।

ਉੱਧਰ, ਮ੍ਰਿਤਕ ਦੀ ਪਤਨੀ ਨੇ ਸਾਰੇ ਇਲਜ਼ਾਮਾਂ ਤੋਂ ਕਿਨਾਰਾ ਕਰ ਲਿਆ ਹੈ। ਉਸ ਨੇ ਬਿਆਨ ਦਿੱਤਾ ਹੈ ਕਿ ਉਸ ਦੇ ਪਤੀ ਨੂੰ ਕਿਸੇ ਜ਼ਹਿਰੀਲੇ ਜੀਵ ਨੇ ਕੱਟ ਲਿਆ ਸੀ ਜਿਸ ਕਰਕੇ ਉਸ ਦੀ ਹਾਲਤ ਖਰਾਬ ਹੋ ਗਈ ਸੀ ਜਦਕਿ ਭੈਣ ਦਾ ਕਹਿਣਾ ਹੈ ਕਿ ਜ਼ਮੀਨ ਵਾਸਤੇ ਉਸ ਨੇ ਖ਼ੁਦ ਸਤਪਾਲ ਸਿੰਘ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।