ਹੁਸ਼ਿਆਰਪੁਰ: ਚੰਗੇ ਭਵਿੱਖ ਖਾਤਰ ਵਿਦੇਸ਼ ਗਏ ਨੌਜਵਾਨ ਨੂੰ ਵਿਦੇਸ਼ ਪਹੁੰਚਣ ਤੋਂ ਪਹਿਲਾਂ ਹੀ ਮੌਤ ਦਾ ਸਾਹਮਣਾ ਕਰਨਾ ਪਿਆ। ਮਾਮਲਾ ਹੁਸ਼ਿਆਰਪੁਰ ਦਾ ਹੈ ਜਿੱਥੇ ਟਰੈਵਲ ਏਜੰਟ ਦੇ ਧੋਖੇ ਨੇ ਮੁਕੇਰੀਆ ਦੇ ਨੌਜਵਾਨ ਬਲਵਿੰਦਰ ਸਿੰਘ ਦੀ ਜਾਨ ਲੈ ਲਈ। ਬਲਵਿੰਦਰ ਸਿੰਘ ਨੇ ਸਪੇਨ ਜਾਣਾ ਸੀ ਪਰ ਏਜੰਟ ਨੇ ਧੋਖੇ ਨਾਲ ਉਸ ਨੂੰ ਯੂਕਰੇਨ ਭੇਜ ਦਿੱਤਾ। ਇੱਥੋਂ ਬਰਫੀਲੇ ਰਾਹ ਸਪੇਨ ਜਾਂਦਿਆਂ ਰਸਤੇ ਵਿੱਚ ਹੀ ਬਲਵਿੰਦਰ ਦੀ ਮੌਤ ਹੋ ਗਈ। ਕਰੀਬ ਦੋ ਮਹੀਨਿਆਂ ਦੀ ਮਸ਼ੱਕਤ ਬਾਅਦ ਉਸ ਦੀ ਲਾਸ਼ ਘਰ ਪਹੁੰਚੀ ਹੈ।

ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਜਿੱਥੇ ਨਿੱਛਲ ਸਿੰਮੀ ਨਾਂ ਦੀ ਮਹਿਲਾ ਨਾਲ ਉਸ ਦੀ ਮੁਲਾਕਾਤ ਹੋਈ। ਸਿੰਮੀ ਨੇ ਬਲਵਿੰਦਰ ਨੂੰ ਵਿਦੇਸ਼ ਭੇਜਣ ਲਈ ਰਾਜ਼ੀ ਕਰ ਲਿਆ। ਇਸੇ ਦੌਰਾਨ ਸਤੰਬਰ, 2018 ਨੂੰ ਬਲਵਿੰਦਰ ਸਿੰਘ ਘਰੋਂ ਸਪੇਨ ਲਈ ਨਿਕਲਿਆ। ਪਰਿਵਾਰਕ ਮੈਂਬਰਾਂ ਮੁਤਾਬਕ ਬਲਵਿੰਦਰ ਦੀ ਸਿੰਮੀ ਨਾਲ ਸਿੱਧਾ ਸਪੇਨ ਭੇਜਣ ਦੀ ਗੱਲ ਹੋਈ ਸੀ ਪਰ ਸਿੰਮੀ ਨੇ ਉਸ ਨੂੰ ਸਪੇਨ ਦੀ ਬਜਾਏ ਯੂਕਰੇਨ ਭੇਜ ਦਿੱਤਾ। ਇੱਥੋਂ ਕਰੀਬ 5 ਮਹੀਨਿਆਂ ਬਾਅਦ ਪੋਲੈਂਡ ਬਾਰਡਰ 'ਤੇ ਰਾਹ ਵਿੱਚ ਬਰਫ਼ੀਲਾ ਰਾਹ ਤੈਅ ਕਰਦਿਆਂ ਬਲਵਿੰਦਰ ਦੀ ਮੌਤ ਹੋ ਗਈ।



ਬਲਵਿੰਦਰ ਦੀ ਮੌਤ ਤੋਂ ਬਾਅਦ ਟਰੈਵਲ ਏਜੰਟ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ। ਪਰਿਵਾਰ ਮੁਤਾਬਕ ਜਦੋਂ ਬਲਵਿੰਦਰ ਨੇ ਆਖ਼ਰੀ ਵਾਰ ਉਨ੍ਹਾਂ ਨਾਲ ਗੱਲ ਕੀਤੀ ਸੀ ਤਾਂ ਉਹ ਪੋਲੈਂਡ ਤੋਂ ਨਿਕਲ ਰਿਹਾ ਸੀ ਪਰ ਉਸ ਦੇ ਬਾਅਦ ਉਸ ਦਾ ਸੰਪਰਕ ਟੁੱਟ ਗਿਆ। ਬਲਵਿੰਦਰ ਨਾਲ ਇੱਕ ਹੋਰ ਨੌਜਵਾਨ ਵੀ ਸੀ। ਉਹ ਕਿਸੇ ਤਰ੍ਹਾਂ ਬਚ ਨਿਕਲਿਆ ਤੇ ਪੁਲਿਸ ਤਕ ਪਹੁੰਚ ਕੀਤੀ। ਹਾਲਾਂਕਿ ਉਹ ਜੇਲ੍ਹ ਵਿੱਚ ਹੈ ਪਰ ਜਦੋਂ ਉਸ ਨੇ ਇੱਥੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾਂ ਇਹੀ ਦੱਸਿਆ ਕਿ ਬਲਵਿੰਦਰ ਜੇਲ੍ਹ ਵਿੱਚ ਹੈ।

ਇਸੇ ਵਿਚਾਲੇ ਜਦੋਂ ਪਰਿਵਾਰ ਨੇ ਯੂਕਰੇਨ ਵਿੱਚ ਇੱਕ ਸਿੱਖ ਸੰਸਥਾ ਨਾਲ ਸੰਪਰਕ ਕੀਤਾ ਤਾਂ ਬਲਵਿੰਦਰ ਸਿੰਘ ਦੀ ਮੋਬਾਈਲ ਲੋਕੇਸ਼ਨ ਤੋਂ ਉਸ ਦੀ ਲਾਸ਼ ਬਾਰੇ ਪਤਾ ਲੱਗਾ। ਬੀਤੀ ਰਾਤ ਬਲਵਿੰਦਰ ਦੀ ਲਾਸ਼ ਘਰ ਪਹੁੰਚ ਗਈ ਹੈ। ਪਰਿਵਾਰ ਵਾਲਿਆਂ ਟਰੈਵਲ ਏਜੰਟ 'ਤੇ ਮ੍ਰਿਤਕ ਬਲਵਿੰਦਰ ਨੂੰ ਗੁਮਰਾਹ ਕਰਨ ਦੇ ਇਲਜ਼ਾਮ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ।