ਬਠਿੰਡਾ: ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਕੰਮ ਕਰਦੀ ਨਰਸ ਵੱਲੋਂ ਇੱਕ ਦਾਈ ਨਾਲ ਰਲ਼ ਕੇ ਨਵਜਨਮੀ ਬੱਚੀ ਵੇਚਣ ਦੀ ਖ਼ਬਰ ਹੈ। ਬੱਚੀ ਦੇ ਮਾਪੇ ਨਹੀਂ ਹਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਬੱਚੀ ਨੂੰ ਕਥਿਤ ਤੌਰ 'ਤੇ ਵੇਚਿਆ ਜਾ ਰਿਹਾ ਸੀ, ਪਰ ਪੁਲਿਸ ਦੇ ਪਹੁੰਚਣ 'ਤੇ ਇਸ ਨੂੰ ਗੋਦ ਲੈਣ ਦੀ ਪ੍ਰਕਿਰਿਆ ਦੱਸਿਆ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਬਠਿੰਡਾ ਦੀ ਐਨਜੀਓ ਦੇ ਵਰਕਰ ਰਣਜੀਤ ਸਿੰਘ ਨੂੰ ਉਕਤ ਮਾਂ-ਪਿਓ ਵਾਹਰੀ ਬੱਚੀ ਦੇ ਇਲਾਜ ਲਈ ਫ਼ੋਨ ਆਇਆ। ਐਨਜੀਓ ਨੇ ਬੱਚੀ ਦਾ ਇਲਾਜ ਸ਼ੁਰੂ ਕਰਵਾਇਆ ਪਰ ਇਸ ਦੌਰਾਨ ਜਲੰਧਰ ਤੋਂ ਜੋੜਾ ਆਇਆ ਤੇ ਬੱਚੇ ਨੂੰ ਗੋਦ ਲਿਆ ਹੋਣਾ ਦੱਸ ਕੇ ਆਪਣਾ ਹੱਕ ਜਤਾਉਣ ਲੱਗਾ। ਉਨ੍ਹਾਂ ਐਨਜੀਓ ਵਰਕਰ ਨੂੰ ਦੱਸਿਆ ਕਿ ਬੱਚੀ ਦੇ ਮਾਪਿਆਂ ਨਾਲ ਇਸ ਬਾਰੇ ਗੱਲ ਹੋ ਗਈ ਹੈ। ਜਦ ਪੁਸ਼ਟੀ ਲਈ ਉਨ੍ਹਾਂ ਨੂੰ ਬੁਲਾਉਣ ਦੀ ਗੱਲ ਕਹੀ ਤਾਂ ਉਨ੍ਹਾਂ ਨਰਸ ਦਲਜੀਤ ਕੌਰ ਨੂੰ ਬੁਲਾ ਲਿਆ, ਪਰ ਕੋਈ ਸਬੂਤ ਨਹੀਂ ਮਿਲਾ। ਮਾਮਲਾ ਸ਼ੱਕੀ ਜਾਪਣ 'ਤੇ ਪੁਲਿਸ ਨੂੰ ਬੁਲਾ ਲਿਆ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਖਰੀਦ ਫਰੋਖ਼ਤ ਦਾ ਜਾਪ ਰਿਹਾ ਹੈ, ਕਿਉਂਕਿ ਬਗ਼ੈਰ ਮਾਪਿਆਂ ਤੇ ਕਾਨੂੰਨੀ ਪ੍ਰਕਿਰਿਆ ਤੋਂ ਬੱਚਾ ਗੋਦ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪਟਿਆਲਾ ਤੇ ਜਲੰਧਰ ਤੋਂ ਆਏ ਮਾਪਿਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ ਪਰ ਪੁਲਿਸ ਪੜਤਾਲ ਕਰ ਰਹੀ ਹੈ।