ਅਜੇ ਨਹੀਂ ਮੁੱਕਿਆ ਕਾਂਗਰਸ ਦਾ ਕਲੇਸ਼! ਫੂਲਕਾ ਨੇ ਚਿੱਠੀ ਲਿਖ ਨਵਜੋਤ ਸਿੱਧੂ ਨੂੰ ਵੰਗਾਰਿਆ
ਫੂਲਕਾ ਅਨੁਸਾਰ ਨਵਜੋਤ ਸਿੱਧੂ ਨੇ 2017 ਵਿੱਚ ਸਿੱਧੂ ਨੇ ਰੇਤ ਮਾਫੀਆ ’ਤੇ ਕਾਬੂ ਪਾਉਣ ਵਾਸਤੇ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ। ਸਿੱਧੂ ਨੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਉਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਚੰਡੀਗੜ੍ਹ: ਬੇਸ਼ੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦਾ ਅੰਦਰੂਨੀ ਵਿਵਾਦ ਖਤਮ ਹੋ ਗਿਆ ਹੈ ਪਰ ਦੋਵਾਂ ਧਿਰਾਂ ਵਿਚਾਲੇ ਤਣਾਅ ਅਜੇ ਵੀ ਬਰਕਰਾਰ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਦੌਰਾਨ ਕਾਂਗਰਸ ਵਿੱਚ ਕੋਈ ਵੱਡਾ ਧਮਾਕਾ ਹੋ ਸਕਦਾ ਹੈ। ਉਂਝ ਅਜੇ ਦੋਵੇਂ ਧੜੇ ਹਾਈਕਮਾਨ ਦੇ ਫੈਸਲੇ ਵੱਲ ਵੇਖ ਰਹੇ ਹਨ।
ਉਧਰ, ਸੁਪਰੀਮ ਕੋਰਟ ਦੇ ਵਕੀਲ ਐਚਐਸ ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਵੰਗਾਰਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਨਵਜੋਤ ਸਿੱਧੂ ਆਪਣੇ ਕਾਰਜਕਾਲ ਦੌਰਾਨ ਤਿਆਰ ਕੀਤੀ ਰੇਤ ਮਾਫ਼ੀਆ ਦੀ ਰਿਪੋਰਟ ਨੂੰ ਜਨਤਕ ਕਰਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਜਦੋਂ ਹਰ ਤਰ੍ਹਾਂ ਦੇ ਮਾਫ਼ੀਆ ਖ਼ਿਲਾਫ਼ ਤਿਆਰ ਕੀਤੀਆਂ ਰਿਪੋਰਟਾਂ ਜਨਤਕ ਕੀਤੀਆਂ ਜਾਣ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਆਖ਼ਰ ਸੂਬੇ ਵਿੱਚ ਕਿਸ ਦਾ ਰਾਜ ਹੈ।
ਫੂਲਕਾ ਅਨੁਸਾਰ ਨਵਜੋਤ ਸਿੱਧੂ ਨੇ 2017 ਵਿੱਚ ਸਿੱਧੂ ਨੇ ਰੇਤ ਮਾਫੀਆ ’ਤੇ ਕਾਬੂ ਪਾਉਣ ਵਾਸਤੇ ਕਾਰਪੋਰੇਸ਼ਨ ਬਣਾਉਣ ਦਾ ਸੁਝਾਅ ਦਿੱਤਾ ਸੀ। ਸਿੱਧੂ ਨੇ ਇੱਕ ਰਿਪੋਰਟ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਦਿੱਤੀ ਸੀ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਉਸ ਰਿਪੋਰਟ ਉੱਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਰੇਤ ਮਾਫੀਆ ਖ਼ਤਮ ਕਰਨ ਦਾ ਵਾਅਦਾ ਤਾਂ ਕੀਤਾ ਸੀ ਪਰ ਅਫਸੋਸ ਕਾਂਗਰਸ ਸਰਕਾਰ ਆਉਣ ਤੋਂ ਬਾਅਦ ਰੇਤ ਮਾਫੀਆ ਹੋਰ ਵਧਿਆ-ਫੁੱਲਿਆ ਹੈ। ਰੇਤ ਮਾਫੀਆ ਰੋਕਣ ਲਈ ਸਰਕਾਰੀ ਕਾਰਪੋਰੇਸ਼ਨ ਬਣਾਉਣਾ ਬੇਹੱਦ ਜ਼ਰੂਰੀ ਹੈ ਅਤੇ ਅੱਗੋਂ ਪ੍ਰਾਈਵੇਟ ਪਾਰਟੀਆਂ ਨੂੰ ਰੇਤੇ ਦੀ ਮਾਈਨਿੰਗ ਦੀ ਇਜਾਜ਼ਤ ਦੇਣ ਦੀ ਬਜਾਏ, ਸਿਰਫ ਇਹ ਸਰਕਾਰੀ ਕਾਰਪੋਰੇਸ਼ਨ ਹੀ ਰੇਤ ਦੀ ਖਣਨ ਕਰੇ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਸਿਰਫ 6 ਮਹੀਨੇ ਬਾਕੀ ਹਨ ਇਸ ਲਈ ਸਰਕਾਰ ਨੂੰ ਪਿਛਲੀਆਂ ਚੋਣਾਂ ਵਿੱਚ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਕਾਰਪੋਰੇਸ਼ਨ ਬਣਾਇਆ ਜਾਵੇ। ਉਨ੍ਹਾਂ ਸਿੱਧੂ ਨੂੰ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਕੋਲੋਂ ਬਹੁਤ ਉਮੀਦਾਂ ਹਨ।