ਚੰਡੀਗੜ੍ਹ: ਅਸਤੀਫਾ ਦੇਣ ਪਿੱਛੋਂ ਐਚ ਐਸ ਫੂਲਕਾ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਨਾ ਤਾਂ ਉਨ੍ਹਾਂ ਦੇ ਅਸਤੀਫੇ ਦਾ ਵਿਰੋਧ ਕਰਨਾ ਹੀ ਸੀ, ਪਰ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੀਤੇ ਵਿਰੋਧ ਨਾਲ ਉਨ੍ਹਾਂ ਨੂੰ ਬਹੁਤ ਦੁੱਖ਼ ਪੁੱਜਾ ਹੈ। ਇਸ ਮੌਕੇ ਉਨ੍ਹਾਂ ਖਹਿਰਾ ਨੂੰ ਖੂਬ ਘੇਰਿਆ। ਉਨ੍ਹਾਂ ਖਹਿਰਾ ਨੂੰ ਚੁਣੌਤੀ ਦਿੱਤੀ ਕਿ ਉਹ ਦੱਸਣ ਕਿ ਉਨ੍ਹਾਂ ਆਪਣੇ ਹਲਕੇ ਵਿੱਚ ਕੀ-ਕੀ ਕੰਮ ਕਰਾਏ ਹਨ? ਇਸ ਦੇ ਨਾਲ ਹੀ ਉਨ੍ਹਾਂ ਖਹਿਰਾ ਧੜ੍ਹੇ ਉੱਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਖਿਲਾਫ ਪ੍ਰਚਾਰ ਕਰਨ ਦੇ ਇਲਜ਼ਾਮ ਵੀ ਲਾਇਆ।
ਉਨ੍ਹਾਂ ਖੁਲਾਸਾ ਕੀਤਾ ਕਿ ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਅਸਤੀਫਾ ਨਾ ਦੇਣ। ਪਰ ਜਿਵੇਂ ਹੀ ਉਨ੍ਹਾਂ ਅਸਤੀਫਾ ਦਿੱਤਾ, ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਨੇ ਨਹੀਂ ਪੁੱਛਿਆ। ਉਨ੍ਹਾਂ ਕਿਹਾ ਕਿ ਜੋ ਦਬਾਅ 5 ਮੰਤਰੀਆਂ ’ਤੇ ਪਾਇਆ ਜਾਣਾ ਚਾਹੀਦਾ ਸੀ ਉਹ ਉਨ੍ਹਾਂ ’ਤੇ ਪਾਇਆ ਗਿਆ।
ਉਨ੍ਹਾਂ ਕਿਹਾ ਕਿ ਮੀਡੀਆ ’ਤੇ ਗ਼ਲਤ ਖ਼ਬਰਾਂ ਚਲਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਕੇਜਰੀਵਾਲ ਦੇ ਕਹਿਣ ’ਤੇ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੱਜਣ ਤੇ ਟਾਈਟਲਰ ਨੂੰ ਬਚਾਉਣ ਲਈ ਉਨ੍ਹਾਂ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਕਹਿੰਦੇ ਹਨ ਕਿ ਉਹ ਭਾਵੁਕ ਹੋ ਗਏ, ਪਰ ਬਰਗਾੜੀ ਦੇ ਮੁੱਦੇ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਦਰਦ ਸੀ, ਜਿਸ ਕਰਕੇ ਉਨ੍ਹਾਂ ਨੌਜਵਾਨਾਂ ਦੀ ਮਦਦ ਕੀਤੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁੱਦਾ ਸਮਝਣ ਵਿੱਚ ਸਮਾਂ ਲੱਗਾ, ਕੋਈ ਸਾਹਮਣੇ ਨਹੀਂ ਆਇਆ ਤਾਂ ਉਨ੍ਹਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਅਤੇ ਬਾਦਲ ਤੇ ਸੈਣੀ ਖਿਲਾਫ ਮੁਕੱਦਮਾ ਦਰਜ ਕੀਤੇ ਜਾਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ 1984 ਦਾ ਕੇਸ ਇਸ ਲਈ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ ਕਿਉਂਕਿ LOP ਦੀ ਕੁਰਸੀ ਛੱਡਣ ਬਾਅਦ ਵੱਡੀ ਹਲਚਲ ਹੋਈ ਹੈ। ਖਹਿਰਾ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਸੱਜਣ ਤੇ ਟਾਈਟਲਰ ਖ਼ਿਲਾਫ਼ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ।