ਚੰਡੀਗੜ੍ਹ: ਕਾਂਗਰਸ ਜਲੰਧਰ-ਪੱਛਮ ਵਿਧਾਇਕ ਸੁਸ਼ੀਲ ਰਿੰਕੂ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹਨ। ਉਨ੍ਹਾਂ ਇੱਕ ਮਹਿਲਾ ਸੰਯੁਕਤ ਕਮਿਸ਼ਨਰ ਨੂੰ ਸ਼ਰ੍ਹੇਆਮ ਧਮਕੀਆਂ ਦਿੱਤੀਆਂ ਤੇ ਬਦਤਮੀਜ਼ੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਇਸੇ ਤਰ੍ਹਾਂ ਦੀ ਹਰਕਤ ਕਰ ਚੁੱਕੇ ਹਨ। ਜੂਨ ਵਿੱਚ ਉਨ੍ਹਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਾਜਾਇਜ਼ ਉਸਾਰੀਆਂ ਢਾਹੁਣ ਦੇ ਨਿਰਦੇਸ਼ ਦੇ ਖ਼ਿਲਾਫ਼ਤ ਕੀਤੀ ਸੀ ਤੇ ਇਮਾਰਤ ਢਾਹੁਣ ਲਈ ਲਿਆਂਦੀ ਜੇਸੀਬੀ ਮਸ਼ੀਨ ’ਤੇ ਚੜ੍ਹ ਗਏ ਸਨ।

ਸ਼ੁੱਕਰਵਾਰ ਨੂੰ ਬਸਤੀ ਦਾਨਿਸ਼ਮੰਡਨ ਵਿੱਚ ਨਾਜਾਇਜ਼ ਉਸਾਰੀਆਂ ਢਾਹੁਣ ਦੌਰਾਨ ਉਨ੍ਹਾਂ ਜੌਇੰਟ ਕਮਿਸ਼ਨਰ ਅੰਸ਼ਿਕਾ ਜੈਨ ਨੂੰ ਜਨਤੌਰ ’ਤੇ ਧਮਕੀ ਦਿੱਤੀ। ਉਨ੍ਹਾਂ ਮਹਿਲਾ ਅਫ਼ਸਰ ਨੂੰ ਕਿਹਾ, ‘ਤੁਸੀਂ ਤਾਂ ਮਹਿਲਾ ਹੋ, ਕੋਈ ਪੁਰਸ਼ ਹੁੰਦਾ ਤਾਂ ਫਿਰ ਮੈਂ ਦੱਸਦਾ ਕਿ ਕਿਵੇਂ ਵਿਹਾਰ ਕਰੀਦਾ ਹੈ।’ ਵਿਧਾਇਕ ਨੇ ਉੱਚੀ ਆਵਾਜ਼ ਵਿੱਚ ਬੋਲਦਿਆਂ ਜੈਨ ਵੱਲ ਉਂਗਲੀ ਕਰਦਿਆਂ ਧਮਕੀ ਦਿੱਤੀ ਕਿ ਜੇ ਹਿੰਮਤ ਹੈ ਤਾਂ ਉਹ ਉਨ੍ਹਾਂ ਦੇ ਹਲਕੇ ਵਿੱਚ ਪੈਰ ਧਰ ਕੇ ਦਿਖਾਵੇ।

ਇਸ ਪਿੱਛੋਂ ਹਿੰਮਤ ਵਿਖਾਉਂਦਿਆਂ ਨਵੀਂ ਭਰਤੀ ਕੀਤੀ ਆਈਏਐਸ ਅਧਿਕਾਰੀ ਜੈਨ ਨੇ ਵਿਧਾਇਕ ਨੂੰ ਕਿਹਾ ਕਿ ਉਹ ਸਿਰਫ ਕਾਨੂੰਨ ਦਾ ਪਾਲਣ ਕਰ ਰਹੀ ਹੈ। ਇਸ ’ਤੇ ਵਿਧਾਇਕ ਨੇ ਕਿਹਾ ਕਿ ਇੱਥੋਂ ਦੇ ਲੋਕਾਂ ਦਾ ਕਾਨੂੰਨ ਚੱਲੇਗਾ, ਉਨ੍ਹਾਂ ਦਾ ਨਹੀਂ। ਉਨ੍ਹਾਂ ਕਿਕਾ ਕਿ ਜਦੋਂ ਰੈਗੁਲੈਰਾਈਜ਼ੇਸ਼ਨ ਪਾਲਿਸੀ ਆਉਂਦੀ ਹੈ ਤਾਂ ਲੋਕ ਪੈਸੇ ਦੇਣ ਲਈ ਤਿਆਰ ਹੁੰਦੇ ਹਨ। ਇੱਥੇ ਇਹ ਸਭ ਨਹੀਂ ਚੱਲੇਗਾ। ਉਨ੍ਹਾਂ ਮਹਿਲਾ ਅਫ਼ਸਰ ਨੂੰ ਧਮਕੀ ਦਿੱਤੀ ਕਿ ਉਹ ਉਸਦੀ ਪਿਹਲੀ ਮੁਲਾਕਾਤ ਹੈ ਤੇ ਉਨ੍ਹਾਂ ਉਸਨੂੰ ਸਭ ਕੁਝ ਸਮਝਾ ਦਿੱਤਾ ਹੈ। ਉਨ੍ਹਾਂ ਦੇ ਹਲਕੇ ਵਿੱਚ ਅੱਗੇ ਤੋਂ ਕੋਈ ਉਸਾਰੀ ਨਾ ਢਾਹੀ ਜਾਏ।

ਮਾਮਲਾ ਹੱਥੋਂ ਬਾਹਰ ਜਾਂਦਾ ਵੇਖ ਮਹਿਲਾ ਅਫ਼ਸਰ ਤੁਰੰਤ ਉੱਥੋਂ ਚਲੀ ਗਈ ਤੇ ਦਫ਼ਤਰ ਜਾ ਕੇ ਕਮਿਸ਼ਨਰ ਦੀਪਰਾਵਾ ਲਕਰਾ ਨੂੰ ਲਿਖਤੀ ਸ਼ਿਕਾਇਤ ਦਰਜ ਕੀਤੀ। ਇਸ ਪਿੱਛੋਂ ਕਮਿਸ਼ਨਰ ਲਕਰਾ ਨੇ ਕਿਹਾ ਕਿ ਮਾਮਲਾ ਸੀਨੀਅਰ ਅਫ਼ਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਮਾਮਲੇ ’ਤੇ ਬਣਦੀ ਕਾਰਵਾਈ ਕੀਤੀ ਜਾਏਗੀ।