ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਦੇ ਸ਼ਰਾਬ ਛੱਡਣ ਦਾ ਜਨਤਕ ਐਲਾਨ ਸੋਸ਼ਲ ਮੀਡੀਆ ਉੱਪਰ ਛਾਇਆ ਹੋਇਆ ਹੈ। ਭਗਵੰਤ ਮਾਨ ਦੇ ਇਸ ਐਲਾਨ ਨੂੰ ਸ਼ੁਗਲ ਵਜੋਂ ਜ਼ਿਆਦਾ ਲਿਆ ਜਾ ਰਿਹਾ ਹੈ। ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਪੰਜਾਬ ਖਾਤਰ ਸਦਾ ਲਈ ਸ਼ਰਾਬ ਦਾ ਫਾਹਾ ਵੱਢ ਦਿੱਤਾ ਹੈ। ਉਨ੍ਹਾਂ ਆਪਣੀ ਮਾਂ ਦੇ ਸਾਹਮਣੇ ਵਾਅਦਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ ਤਨੋਂ, ਮਨੋਂ ਤੇ ਧਨੋਂ 24 ਘੰਟੇ ਪੰਜਾਬ ਦੀ ਸੇਵਾ 'ਚ ਰਹਾਂਗਾ। ਸੋਸ਼ਲ ਮੀਡੀਆ ਸਵਾਲ ਹੋ ਰਹੇ ਹਨ ਕਿ ਕੀ ਭਗਵੰਤ ਮਾਨ ਇਸ ਤੋਂ ਪਹਿਲਾਂ ਤਨੋਂ, ਮਨੋਂ ਤੇ ਧਨੋਂ 24 ਘੰਟੇ ਸ਼ਰਾਬ ਨੂੰ ਸਪਰਪਿਤ ਸਨ।

ਦਰਅਸਲ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਨੂੰ ਬਰਨਾਲਾ ਵਿੱਚ ਕੀਤੀ ਰੈਲੀ ਦੌਰਾਨ ਭਗਵੰਤ ਮਾਨ ਨੇ ਭਾਵੁਕ ਅੰਦਾਜ਼ 'ਚ ਕਿਹਾ, ''ਮੈਂ ਬਾਦਲਾਂ, ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀਆਂ ਅੱਖਾਂ 'ਚ ਬਹੁਤ ਰੜਕਦਾ ਹਾਂ। ਮੇਰੇ ਖ਼ਿਲਾਫ਼ ਸਾਰੇ ਇਕੱਠੇ ਹੋ ਕੇ ਸਾਜ਼ਿਸ਼ਾਂ ਰਚਦੇ ਹਨ। ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰਦੇ ਹਨ ਕਿ ਭਗਵੰਤ ਮਾਨ ਤਾਂ ਸ਼ਰਾਬ ਪੀਂਦਾ ਹੈ।" ਇਸ ਤਰ੍ਹਾਂ ਭਗਵੰਤ ਮਾਨ ਨੇ ਮੰਨਿਆ ਕਿ ਬਾਦਲਾਂ, ਕਾਂਗਰਸੀਆਂ ਤੇ ਭਾਜਪਾ ਕਰਕੇ ਹੀ ਉਨ੍ਹਾਂ ਨੇ ਸ਼ਰਾਬ ਛੱਡੀ ਹੈ।

ਭਗਵੰਤ ਮਾਨ ਨੇ ਮੰਨਿਆ ਕਿ ਉਹ ਕਲਾਕਾਰ ਸਨ ਤੇ ਕਲਾਕਾਰਾਂ ਦੀਆਂ ਦੁਨੀਆਂ 'ਚ ਸ਼ਰਾਬ ਵਗੈਰਾ ਚੱਲਦੀ ਰਹਿੰਦੀ ਸੀ ਪਰ ਉਨ੍ਹਾਂ ਨੂੰ ਹੱਦੋਂ ਵੱਧ ਇਸ ਤਰ੍ਹਾਂ ਬਦਨਾਮ ਕੀਤਾ ਜਾਣ ਲੱਗਾ ਸੀ। ਉਨ੍ਹਾਂ ਕਿਹਾ, "ਮੈਂ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਕਿ ਇਨ੍ਹਾਂ ਨੂੰ ਪੁੱਛੇ ਕੀ ਤੁਸੀਂ ਨਹੀਂ ਪੀਂਦੇ ਪਰ ਹੁਣ ਜਦ ਮੇਰੀ ਮਾਂ ਨੇ ਟੀਵੀ 'ਤੇ ਇਨ੍ਹਾਂ ਨੂੰ ਮੇਰੀ ਬਦਨਾਮੀ ਕਰਦਿਆਂ ਸੁਣ ਕੇ ਕਿਹਾ ਕਿ ਵੇ ਪੁੱਤ ਪੰਜਾਬ ਖ਼ਾਤਰ ਜਿੱਥੇ ਸਭ ਕੁੱਝ ਛੱਡੀ ਛਡਾਈ ਫਿਰਦਾ ਹਾਂ, ਉੱਥੇ ਦਾਰੂ ਦਾ ਵੀ ਫਾਹਾ ਵੱਢ ਪਰ੍ਹਾ।'' ਭਗਵੰਤ ਮਾਨ ਨੇ ਕਿਹਾ ਕਿ ਜਦੋਂ ਸਵੇਰ ਦਾ ਭੁੱਲਿਆ ਸ਼ਾਮ ਤੱਕ ਵਾਪਸ ਮੁੜ ਆਵੇ ਤਾਂ ਭੁੱਲਿਆ ਨਹੀਂ ਕਹਿੰਦੇ, ਮੈਂ ਤਾਂ ਅੱਜ ਸ਼ਾਮ ਹੀ ਨਹੀਂ ਹੋਣ ਦਿੱਤੀ ਦੁਪਹਿਰੇ ਹੀ ਮੁੜ ਆਇਆ ਹਾਂ।