ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਸੀਨੀਅਰ ਆਈ.ਏ.ਐਸ. ਅਧਿਕਾਰੀ ਸੰਜੈ ਪੋਪਲੀ ਦੇ ਬੇਟੇ ਕਾਰਤਿਕ ਦੀ ਮੌਤ ’ਤੇ ਗਹਿਰਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੰਜੈ ਪੋਪਲੀ ਦੇ ਬੇਟੇ ਵੱਲੋਂ ਆਤਮ ਹੱਤਿਆ ਕਰਨ ਦੀ ਖ਼ਬਰ ਸੁਣ ਕੇ ਸਭ ਨੂੰ ਬੇਹੱਦ ਦੁੱਖ ਹੋਇਆ ਹੈ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਵੇ। 



ਕੰਗ ਨੇ ਕਿਹਾ ਕਿ ਵਿਜੀਲੈਂਸ ਦੇ ਛਾਪੇ ਦੌਰਾਨ ਪੋਪਲੀ ਦੇ ਘਰ ਤੋਂ ਕਰੋੜਾਂ ਰੁਪਏ ਦਾ ਸੋਨਾ, ਚਾਂਦੀ ਅਤੇ ਨਗਦੀ ਬਰਾਮਦ ਹੋਏ ਸੀ। ਅਧਿਕਾਰੀ ਪੋਪਲੀ ਦੇ ਭ੍ਰਿਸ਼ਟਾਚਾਰ ਦਾ ਬੁਰਾ ਅਸਰ ਉਨ੍ਹਾਂ ਦੇ ਬੇਟੇ ’ਤੇ ਪਿਆ। ਇਸ ਘਟਨਾ ਨਾਲ ਸਾਰੇ ਭ੍ਰਿਸ਼ਟ ਅਧਿਕਾਰੀਆਂ ਨੂੰ ਸਿੱਖਿਆ ਲੈਣੀ ਦੀ ਜ਼ਰੂਰਤ ਹੈ।


‘ਆਪ’ ਆਗੂ ਨੇ ਵਿਰੋਧੀ ਧਿਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਬੇਹੱਦ ਸ਼ਰਮਨਾਕ ਹੈ ਕਿ ਵਿਰੋਧੀ ਧਿਰ ਭ੍ਰਿਸ਼ਟਾਚਾਰੀ ਦੇ ਹੱਕ ’ਚ ਖੜ੍ਹੀ ਹੋ ਰਹੀ ਹੈ। ਕੰਗ ਨੇ ਕਿਹਾ ਕਿ ਇਸ ਮਾਮਲੇ ’ਤੇ ਕਿਸੇ ਵੀ ਵਿਰੋਧੀ ਆਗੂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।


ਆਈਐੱਸ ਦੀ ਮੌਤ ਤੋਂ ਬਾਅਦ ਵਿਜੀਲੈਂਸ ਨੇ ਦਿੱਤੀ ਸਫਾਈ


ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਫੜੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਦੀ ਮੌਤ ਬਾਰੇ ਆਪਣਾ ਪੱਖ ਰੱਖਿਆ ਹੈ। ਵਿਜੀਲੈਂਸ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਉਹ ਛਾਪੇਮਾਰੀ ਕਰਕੇ ਵਾਪਸ ਆ ਗਏ ਸੀ। ਇਸ ਤੋਂ ਬਾਅਦ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ। ਦਫ਼ਤਰ ਪਹੁੰਚ ਕੇ ਪਤਾ ਲੱਗਾ ਕਿ ਅਜਿਹੀ ਘਟਨਾ ਵਾਪਰੀ ਹੈ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਇਸ ਦੀ ਜਾਂਚ ਕਰੇਗੀ। ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਕਿਉਂ ਮਾਰੀ?


ਡੀਐਸਪੀ ਨੇ ਦੱਸਿਆ ਕਿ ਸੰਜੇ ਪੋਪਲੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਸੋਨਾ ਅਤੇ ਚਾਂਦੀ ਆਪਣੇ ਘਰ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ।ਉਸ ਦੇ ਬਿਆਨ ਲੈ ਕੇ ਅਸੀਂ ਪਹਿਲਾਂ ਚੰਡੀਗੜ੍ਹ ਥਾਣੇ ਗਏ। ਉਥੇ ਰਿਪੋਰਟ ਕੀਤੀ। ਛਾਪਾ ਮਾਰਨ ਵਾਲੀ ਪਾਰਟੀ ਦਾ ਨਾਮ ਨੋਟ ਕੀਤਾ। ਫਿਰ ਅਸੀਂ ਉੱਥੋਂ ਸਬ-ਇੰਸਪੈਕਟਰ ਨਾਲ ਪੋਪਲੀ ਦੇ ਘਰ ਪਹੁੰਚੇ। ਅਸੀਂ ਪੋਪਲੀ ਦੇ ਘਰ ਅੰਦਰ ਨਹੀਂ ਗਏ। ਉਸਦੇ ਵਿਹੜੇ ਵਿੱਚ ਇੱਕ ਸਟੋਰ ਰੂਮ ਸੀ।ਜਿੱਥੋਂ ਅਸੀਂ ਠੀਕ ਹੋ ਕੇ ਵਾਪਸ ਆ ਗਏ।