If Hung Assembly comes in Punjab then 2-3 parties can form government, What is the plan of BJP and Akali Dal know from AMit Shah
Punjab Election: ਪੰਜਾਬ 'ਚ ਜੇਕਰ ਹੰਗ ਅਸੈਂਬਲੀ ਦੀ ਨੌਬਤ ਆਈ ਤਾਂ 2-3 ਪਾਰਟੀਆਂ ਗਠਜੋੜ ਕਰਕੇ ਸਰਕਾਰ ਬਣਾ ਸਕਦੀਆਂ ਹਨ। ਇਹ ਦਾਅਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਹੈ। ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਵੀ ਕਹਿ ਚੁੱਕੇ ਹਨ ਕਿ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਹੋ ਸਕਦਾ ਹੈ।
ਪੰਜਾਬ ਦੇ ਮੌਜੂਦਾ ਹਾਲਾਤ 'ਚ ਅਕਾਲੀ ਦਲ ਤੇ ਭਾਜਪਾ ਦੇ ਇਕੱਠੇ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ, ਜਿਸ 'ਚ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਹੋਣਗੇ। ਹਾਲਾਂਕਿ ਇਹ ਸਭ ਵੋਟਾਂ ਦੀ ਗਿਣਤੀ ਤੋਂ ਬਾਅਦ ਪਾਰਟੀਆਂ ਵੱਲੋਂ ਜਿੱਤੀਆਂ ਸੀਟਾਂ 'ਤੇ ਨਿਰਭਰ ਕਰੇਗਾ। ਪੰਜਾਬ 'ਚ 20 ਫ਼ਰਵਰੀ ਨੂੰ ਵੋਟਾਂ ਪੈ ਚੁੱਕੀਆਂ ਹਨ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਅਕਾਲੀ ਦਲ ਤੇ ਭਾਜਪਾ ਵਿਚਾਲੇ ਗਠਜੋੜ ਹੋ ਸਕਦਾ ਹੈ। ਇਸ ਵਾਰ ਅਕਾਲੀ ਦਲ ਬਸਪਾ ਨਾਲ ਗਠਜੋੜ ਕਰਕੇ ਚੋਣ ਲੜ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣ ਲੜ ਰਹੀ ਹੈ। ਕਾਂਗਰਸ ਤੇ 'ਆਪ' ਨੂੰ ਰੋਕਣ ਲਈ ਇਹ ਪੰਜੇ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਹਨ।
ਯਾਦ ਰਹੇ ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ 25 ਸਾਲ 'ਚ ਤਿੰਨ ਵਾਰ 1997, 2007 ਤੇ 2012 'ਚ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ 'ਚ ਰਿਹਾ ਹੈ। ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਟੁੱਟਣ ਦਾ ਕਾਰਨ ਖੇਤੀ ਸੁਧਾਰ ਕਾਨੂੰਨ ਸਨ ਜੋ ਹੁਣ ਵਾਪਸ ਹੋ ਗਏ ਹਨ। ਅਹਿਮ ਗੱਲ ਹੈ ਕਿ ਚੋਣਾਂ ਵਿੱਚ ਅਕਾਲੀ ਦਲ ਨੇ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਢੀਂਡਸਾ 'ਤੇ ਕੋਈ ਵੱਡਾ ਹਮਲਾ ਨਹੀਂ ਕੀਤਾ। ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤੇ ਵੀ ਨਰਮ ਨਜ਼ਰ ਆਏ।
ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਕੱਠੇ ਆਉਣ ਦੀ ਵੀ ਚਰਚਾ ਹੈ। ਉਹ ਇਸ ਤੋਂ ਪਹਿਲਾਂ ਵੀ ਦਿੱਲੀ 'ਚ ਇੱਕ ਵਾਰ ਅਜਿਹਾ ਕਰ ਚੁੱਕੇ ਹਨ। ਭਾਵੇਂ ਦਿੱਲੀ 'ਚ ਨਿਗਮ ਚੋਣਾਂ ਹੋਣੀਆਂ ਹਨ, ਪਰ ਉੱਥੇ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਕਾਂਗਰਸ ਨਾਲ ਕਿਸੇ ਹੋਰ ਪਾਰਟੀ ਦਾ ਗਠਜੋੜ ਸੰਭਵ ਨਹੀਂ। ਇਹ ਭਾਜਪਾ ਦੇ ਕੱਟੜ ਵਿਰੋਧੀ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਦੇ ਹਾਲਾਤ ਮੁਤਾਬਕ ਕਾਂਗਰਸ ਨਾਲ ਹੱਥ ਨਹੀਂ ਮਿਲਾਏਗਾ।
ਹੰਗ ਅਸੈਂਬਲੀ ਹੋਣ ਦੀ ਸਥਿਤੀ 'ਚ ਪੰਜਾਬ 'ਚ ਗਠਜੋੜ ਕਰਨਾ ਹਰੇਕ ਪਾਰਟੀ ਦੀ ਮਜ਼ਬੂਰ ਹੋਵੇਗੀ। ਅਕਾਲੀ ਦਲ 5 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ ਤੇ ਪੰਜਾਬ ਨੂੰ ਛੱਡ ਕੇ ਕਿਸੇ ਵੀ ਸੂਬੇ 'ਚ ਨਹੀਂ ਹੈ। ਅਜਿਹੇ 'ਚ ਜੇਕਰ ਇੱਥੇ ਸੱਤਾ ਨਾ ਮਿਲੀ ਤਾਂ ਪਾਰਟੀ ਨੂੰ ਨੁਕਸਾਨ ਹੋਣਾ ਤੈਅ ਹੈ।
ਪਹਿਲੀ ਵਾਰ ਭਾਜਪਾ ਪੰਜਾਬ 'ਚ ਅਕਾਲੀ ਦਲ ਤੋਂ ਵੱਖ ਹੋ ਕੇ ਚੋਣ ਲੜ ਰਹੀ ਹੈ। ਭਾਜਪਾ ਪੰਜਾਬ 'ਚ ਪਛਾਣ ਤੇ ਸਵੀਕਾਰਤਾ ਨੂੰ ਲੈ ਕੇ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਅਜਿਹੇ 'ਚ ਜੇਕਰ ਸਰਕਾਰ ਆਉਂਦੀ ਹੈ ਤਾਂ ਇਸ ਦਾ ਅਸਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੇਖਣ ਨੂੰ ਮਿਲੇਗਾ।
ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਸੱਤਾ ਤੋਂ ਬਾਹਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਨੇ ਚੋਣਾਂ ਤੋਂ ਸਾਢੇ 3 ਮਹੀਨੇ ਪਹਿਲਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾ ਦਿੱਤਾ ਸੀ। ਅਜਿਹੇ 'ਚ ਉਹ ਕਾਂਗਰਸ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਅਜਿਹੇ 'ਚ ਜੇਕਰ ਜੋੜਤੋੜ ਨਾਲ ਬਣੀ ਸਰਕਾਰ ਰਾਹੀਂ ਕਾਂਗਰਸ ਨੂੰ ਦੂਰ ਰੱਖਿਆ ਜਾ ਸਕਦਾ ਹੈ ਤਾਂ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਹੋਵੇਗਾ।
ਪੰਜਾਬ 'ਚ ਇਸ ਵਾਰ ਘੱਟ ਵੋਟਿੰਗ ਹੋਈ ਹੈ। ਸਾਲ 2017 ਦੇ 77.20% ਦੇ ਮੁਕਾਬਲੇ ਇਸ ਵਾਰ 71.95% ਮਤਲਬ 5% ਘੱਟ ਵੋਟਿੰਗ ਹੋਈ ਹੈ। ਤਿੰਨ ਖਿੱਤਿਆਂ 'ਚ ਵੰਡੇ ਪੰਜਾਬ ਦੇ ਮਾਲਵਾ 'ਚ ਬੰਪਰ ਵੋਟਿੰਗ ਹੋਈ ਹੈ। ਇੱਥੇ ਸਭ ਤੋਂ ਵੱਧ 69 ਸੀਟਾਂ ਹਨ। ਦੂਜੇ ਪਾਸੇ ਦੋਆਬਾ ਅਤੇ ਮਾਝੇ 'ਚ ਘੱਟ ਵੋਟਿੰਗ ਹੋਈ। ਪਿੰਡਾਂ 'ਚ ਮਤਦਾਨ ਜ਼ਿਆਦਾ ਰਿਹਾ ਪਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ 'ਚ ਬਹੁਤ ਘੱਟ। ਪੰਜਾਬ 'ਚ ਘੱਟ ਮਤਦਾਨ ਦੌਰਾਨ ਹਰ ਵਾਰ ਸਰਕਾਰ ਬਦਲਦੀ ਰਹੀ ਹੈ, ਪਰ ਕਾਂਗਰਸ ਲਈ ਇਹ ਫ਼ਾਇਦੇਮੰਦ ਰਹੀ ਹੈ। ਇਸ ਵਾਰ ਕਾਂਗਰਸ ਖੁਦ ਸੱਤਾ 'ਚ ਹੈ ਤੇ ਸਿਆਸੀ ਮਾਹਿਰ ਵੀ ਸ਼ਸ਼ੋਪੰਜ 'ਚ ਹਨ।
ਇਹ ਵੀ ਪੜ੍ਹੋ: ਸਰਕਾਰੀ ਯੋਜਨਾ ਦਾ ਉਠਾਓ ਲਾਭ, ਪਤੀ-ਪਤਨੀ ਨੂੰ ਹਰ ਮਹੀਨੇ ਮਿਲਣਗੇ 10,000 ਰੁਪਏ, ਜਾਣੋ ਕਿਵੇਂ ਮਿਲੇਗਾ ਫਾਇਦਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904