'ਆਪ' 'ਚ ਸ਼ਾਮਲ ਹੋਣ ਦੀ ਚਰਚਾ ਮਗਰੋਂ ਕੰਵਰ ਵਿਜੇ ਪ੍ਰਤਾਪ ਨੇ ਕੀਤਾ ਸਭ ਕੁਝ ਸਪਸ਼ਟ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਅਜੇ ਉਨ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਜਦੋਂ ਵੀ ਕਿਸੇ ਪਾਰਟੀ ਵਿੱਚ ਸ਼ਾਮਲ ਹੋਣਾ ਹੋਵੇਗਾ, ਉਹ ਖੁੱਲ੍ਹ ਕੇ ਮੀਡੀਆ ਸਾਹਮਣੇ ਐਲਾਨ ਕਰਨਗੇ।
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਆ ਰਹੇ ਹਨ। ਮੀਡੀਆ ਵਿੱਚ ਚਰਚਾ ਹੈ ਕਿ ਇਸ ਦੌਰਾਨ ਸਾਬਕਾ ਆਈਜੀ ਕੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ। ਇਸ ਬਾਰੇ ਅੱਜ ਅੰਮ੍ਰਿਤਸਰ ਵਿੱਚ ਕੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਸਭ ਸਪਸ਼ਟ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਜੇ ਉਨ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਜਦੋਂ ਵੀ ਕਿਸੇ ਪਾਰਟੀ ਵਿੱਚ ਸ਼ਾਮਲ ਹੋਣਾ ਹੋਵੇਗਾ, ਉਹ ਖੁੱਲ੍ਹ ਕੇ ਮੀਡੀਆ ਸਾਹਮਣੇ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ 23 ਸਾਲ ਦੀ ਨੌਕਰੀ ਦੌਰਾਨ ਬਰਗਾੜੀ ਕਾਂਡ ਸਭ ਤੋਂ ਵੱਡੀ ਜਾਂਚ ਸੀ ਜਿਸ 'ਤੇ ਲੰਮਾ ਸਮਾਂ ਕੰਮ ਕੀਤਾ ਪਰ ਸੱਚ ਸਾਰਿਆਂ ਦੇ ਸਾਹਮਣੇ ਹੈ ਕਿ ਉਨ੍ਹਾਂ ਦੀ ਰਿਪੋਰਟ ਨੂੰ ਦਰਕਿਨਾਰ ਕਰ ਫੈਸਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਰਿਪੋਰਟ ਫਰੀਦਕੋਟ ਵਿੱਚ ਪਈ ਹੈ ਤੇ ਫੈਸਲਾ ਚੰਡੀਗੜ੍ਹ ਕੋਰਟ ਕਰ ਰਹੀ ਹੈ ਜੋ ਕਿ ਕਾਨੂੰਨੀ ਮਾਹਿਰਾਂ ਮੁਤਾਬਕ ਗੈਰ ਸੰਵਿਧਾਨਕ ਮਸਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਸਿਆਸੀ ਉਥਲ-ਪੁੱਥਲ ਚੱਲ ਰਹੀ ਹੈ। ਇਸ 'ਤੇ ਮੈਂ ਟਿਪਣੀ ਨਹੀਂ ਕਰਨੀ ਚਾਹੁੰਦਾ ਪਰ ਜਦੋਂ ਇਹ ਸਭ ਕੁਝ ਸਾਂਤ ਹੋਵੇਗਾ ਤਾਂ ਉਹ ਮੁੱਖ ਮੰਤਰੀ ਨੂੰ ਮਿਲ ਕੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲਿਜਾਉਣ ਬਾਰੇ ਗੱਲ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਰਿਪੋਰਟ 'ਤੇ ਕੰਮ ਕਰਨਾ ਬਹੁਤ ਹੀ ਵੱਡਾ ਚੈਲੰਜ ਸੀ। ਇਸ ਦੇ ਚੱਲਦੇ ਜੋ ਗਲਤ ਲੋਕ ਸਨ, ਉਹੀ ਮੇਰੇ 'ਤੇ ਉਂਗਲੀ ਉਠਾ ਰਹੇ ਸਨ ਕਿਉਂਕਿ ਜੋ ਚੌਰ ਹੈ, ਉਹ ਡਰੇਗਾ ਹੀ ਪਰ ਦੋ ਗੱਲਾਂ ਸਾਫ ਹਨ ਕਿ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਾ ਤੇ ਡਰਾਇਆ-ਧਮਕਾਇਆ ਜਾ ਸਕਦਾ ਤੇ ਨਾ ਹੀ ਖਰੀਦਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਪੁਰਖਾਂ ਦੀ ਕਹਾਵਤ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ, ਇੱਥੇ ਉਹ ਉਦਾਹਰਨ ਬਣੀ ਹੋਈ ਹੈ। ਬਾਕੀ ਪੰਜਾਬ ਦੀ ਰਾਜਨੀਤੀ ਵਿੱਚ ਆਈ ਉਥਲ ਪੁਥਲ ਤੇ ਚਰਮਰਾਈ ਕਾਨੂੰਨ ਵਿਵਸਥਾ ਸਦਕਾ ਅਸਤੀਫਾ ਦਿੱਤਾ ਹੈ।