Abohar News: ਮਾਂ ਨੂੰ ਕੁੱਟ-ਕੁੱਟ ਕੀਤਾ ਅਧਮੋਇਆ, ਪੱਲੀ 'ਚ ਬੰਨ੍ਹ ਨਹਿਰ 'ਚ ਸੁੱਟਣ ਦੀ ਕੋਸ਼ਿਸ਼...ਆਖਰ ਪੁਲਿਸ ਨੇ ਛੁਡਵਾਇਆ, ਮਾਂ ਦੀ ਮੌਤ
ਪੁਲਿਸ ਨੇ ਬਜ਼ੁਰਗ ਔਰਤ ਨੂੰ ਬਰਾਮਦ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਸੀ ਪਰ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਹੈ। ਸਦਰ ਥਾਣਾ ਪੁਲਿਸ ਨੇ ਲਾਸ਼ ਨੂੰ ਮੁਰਦਾਘਰ 'ਚ ਰੱਖਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।
Abohar News: ਕਲਯੁਗੀ ਪੁੱਤ ਨੇ ਪਹਿਲਾਂ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਪੱਲੀ ਵਿੱਚ ਬੰਨ੍ਹ ਸਾਈਕਲ ਉਪਰ ਲੱਦ ਨਹਿਰ ਵਿੱਚ ਸੁੱਟਣ ਤੁਰ ਪਿਆ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਦੱਸ ਦਿੱਤਾ ਤੇ ਉਸ ਦੀ ਪੋਲ ਖੁੱਲ੍ਹ ਗਈ। ਪੁਲਿਸ ਨੇ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਉਸ ਦੀ ਜਾਨ ਨਹੀਂ ਬਚ ਸਕੀ।
ਦੱਸ ਦਈਏ ਕਿ ਅਬੋਹਰ 'ਚ ਕਰੀਬ ਚਾਰ ਦਿਨ ਪਹਿਲਾਂ ਪੁਲਿਸ ਨੇ ਆਪਣੀ ਹੀ ਬਜ਼ੁਰਗ ਮਾਂ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੇ ਨਹਿਰ 'ਚ ਸੁੱਟਣ ਜਾ ਰਹੇ ਵਿਅਕਤੀ ਨੂੰ ਕਾਬੂ ਕੀਤਾ ਸੀ। ਪੁਲਿਸ ਨੇ ਬਜ਼ੁਰਗ ਔਰਤ ਨੂੰ ਬਰਾਮਦ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ ਸੀ ਪਰ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ ਹੈ। ਸਦਰ ਥਾਣਾ ਪੁਲਿਸ ਨੇ ਲਾਸ਼ ਨੂੰ ਮੁਰਦਾਘਰ 'ਚ ਰੱਖਵਾ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।
ਹਾਸਲ ਜਾਣਕਾਰੀ ਅਨੁਸਾਰ ਪਿੰਡ ਰੁੜ੍ਹਿਆਂਵਾਲੀ ਦੇ ਰਹਿਣ ਵਾਲੇ ਬ੍ਰਿਜ ਲਾਲ ਦੀ ਪਤਨੀ 80 ਸਾਲਾ ਪਰਮੇਸ਼ਵਰੀ ਦੇਵੀ ਨੂੰ ਉਸ ਦੇ ਹੀ ਪੁੱਤਰ ਕਾਂਸ਼ੀ ਰਾਮ ਨੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਮੁਤਾਬਕ 24 ਫਰਵਰੀ ਨੂੰ ਆਪਣੀ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਰਾਤ ਨੂੰ ਉਸ ਨੂੰ ਪੱਲੀ ਵਿੱਚ ਬੰਨ੍ਹ ਕੇ ਸਾਈਕਲ ਉਪਰ ਰੱਖ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ।
ਲੋਕਾਂ ਵੱਲੋਂ ਦਿੱਤੀ ਗਈ ਸੂਚਨਾ 'ਤੇ ਪੁਲਿਸ ਨੇ ਔਰਤ ਨੂੰ ਉਸ ਦੇ ਚੁੰਗਲ 'ਚੋਂ ਛੁਡਵਾ ਕੇ ਹਸਪਤਾਲ 'ਚ ਭਰਤੀ ਕਰਵਾਇਆ। ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਫ਼ਰੀਦਕੋਟ ਦੇ ਡਾਕਟਰਾਂ ਨੇ ਵੀ ਔਰਤ ਦੀ ਵਧਦੀ ਉਮਰ ਤੇ ਗੰਭੀਰ ਹਾਲਤ ਬਾਰੇ ਪਰਿਵਾਰ ਨੂੰ ਸੂਚਿਤ ਕੀਤਾ। ਇਸ 'ਤੇ ਔਰਤ ਦੀ ਲੜਕੀ ਤੇ ਜਵਾਈ ਉਸ ਨੂੰ ਆਪਣੇ ਘਰ ਲੈ ਗਏ। ਬੀਤੀ ਰਾਤ ਬਜ਼ੁਰਗ ਔਰਤ ਦੀ ਮੌਤ ਹੋ ਗਈ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ।
ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਧੀ ਨੇ ਕਿਹਾ ਕਿ ਉਹ ਆਪਣੇ ਭਰਾ ਖਿਲਾਫ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ। ਇਸ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਜੇਕਰ ਪੋਸਟਮਾਰਟਮ ਰਿਪੋਰਟ 'ਚ ਸਾਬਤ ਹੋਇਆ ਕਿ ਕਿਸੇ ਵਿਅਕਤੀ ਦੇ ਹਮਲੇ ਦੌਰਾਨ ਗੰਭੀਰ ਸੱਟ ਕਾਰਨ ਜਾਨ ਗਈ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।