ਸੁਤੰਤਰਤਾ ਦਿਹਾੜਾ ਆਜ਼ਾਦੀ ਪ੍ਰਵਾਨਿਆਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ : ਅਮਨ ਅਰੋੜਾ
Mohali News : ਪੰਜਾਬ ਦੇ ਰੋਜ਼ਗਾਰ ਉਤਪਤੀ, ਨਵੇਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ, ਪ੍ਰਸ਼ਾਸਨਿਕ ਸੁਧਾਰ, ਛਪਾਈ ਤੇ ਲਿਖਣ ਸਮੱਗਰੀ ਵਿਭਾਗਾਂ ਦੇ ਮੰਤਰੀ ਅਮਨ ਅਰੋੜਾ ਨੇ ਅੱਜ ਮੋਹਾਲੀ ਦੇ ਮੇਜਰ (ਸ਼ਹੀਦ) ਹਰਮਿੰਦਰ
Mohali News : ਪੰਜਾਬ ਦੇ ਰੋਜ਼ਗਾਰ ਉਤਪਤੀ, ਨਵੇਂ ਅਤੇ ਨਵਿਆਉਣਯੋਗ ਊਰਜਾ ਸ੍ਰੋਤ, ਪ੍ਰਸ਼ਾਸਨਿਕ ਸੁਧਾਰ, ਛਪਾਈ ਤੇ ਲਿਖਣ ਸਮੱਗਰੀ ਵਿਭਾਗਾਂ ਦੇ ਮੰਤਰੀ ਅਮਨ ਅਰੋੜਾ ਨੇ ਅੱਜ ਮੋਹਾਲੀ ਦੇ ਮੇਜਰ (ਸ਼ਹੀਦ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਵਿਖੇ ਦੇਸ਼ ਦੇ 77ਵੇਂ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਇਆ।
ਉਨ੍ਹਾਂ ਇਸ ਮੌਕੇ ਆਖਿਆ ਕਿ ਆਜ਼ਾਦੀ ਦਿਹਾੜਾ ਸਾਨੂੰ ਦੇਸ਼ ਦੇ ਮਹਾਨ ਆਜ਼ਾਦੀ ਪ੍ਰਵਾਨਿਆਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਦੀ ਉਸ ਮਹਾਨ ਲੜਾਈ ’ਚ ਜੇ ਸਭ ਤੋਂ ਵੱਧ ਕਿਸੇ ਦੀਆਂ ਕੁਰਬਾਨੀਆਂ ਰਹੀਆਂ ਤਾਂ ਉਹ ਪੰਜਾਬੀਆਂ ਦੀਆਂ ਰਹੀਆਂ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ ਸੁਨਾਮ ਦੀ ਗੱਲ ਕਰ ਲਈਏ ਤਾਂ ਅਜਿਹੀਆਂ ਹਜ਼ਾਰਾਂ ਮਿਸਾਲਾਂ ਨੇ, ਜਿੱਥੇ ਪੰਜਾਬ ਦੇ ਜੰਮਿਆਂ ਨੇ ਆਪਣੀਆਂ ਜਾਨਾਂ ਤੋਂ ਵਾਰ ਦਿੱਤੀਆਂ।
ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਖੁਸ਼ੀ ਤੇ ਮਾਣ ਹੈ, ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਬਣੀ ਸਰਕਾਰ ਨੇ ਪਿਛਲੇ ਸਾਲ 16 ਮਾਰਚ 2022 ਨੂੰ ਰਾਜ ਭਵਨ ਜਾਂ ਹੋਰ ਕਿਧਰੇ ਨਹੀਂ ਬਲਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਪਾਵਨ ਭੂਮੀ ਖਟਕੜ ਕਲਾਂ ਨੂੰ ਮੱਥਾ ਟੇਕ ਸਹੁੰ ਚੁੱਕੀ। ਇਹ ਵੀ ਪਹਿਲੀ ਵਾਰ ਹੋਇਆ ਕਿ ਲੀਡਰਾਂ ਦੀ ਥਾਂ ’ਤੇ ਸਰਦਾਰ ਭਗਤ ਸਿੰਘ ਤੇ ਡਾ. ਬੀ ਆਰ ਅੰਬੇਦਕਰ ਦੀਆਂ ਫੋਟੋਆਂ ਦਫ਼ਤਰਾਂ ਦੀਆਂ ਸ਼ਾਨ ਵਧਾ ਰਹੀਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਵੱਲੋਂ ਚੁਣੀ ਭਗਵੰਤ ਮਾਨ ਸਰਕਾਰ ਆਪਣੇ ਸ਼ਹੀਦਾਂ ਅਤੇ ਮਹਾਨ ਸਖਸ਼ੀਅਤਾਂ ਨੂੰ ਕਿਸ ਹੱਦ ਤੱਕ ਸਮਰਪਿਤ ਹੈ।
ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਅਤੇ ਪ੍ਰਮੁੱਖ ਪਾਰਕਾਂ ’ਚ ਉਸ ਜ਼ਿਲ੍ਹੇ ਦੇ ਸ਼ਹੀਦਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀਆਂ ਫੋਟੋਆਂ ਲੱਗਣਗੀਆਂ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਉਹ ਕਿਸ ਮਹਾਨ ਵਿਰਾਸਤ ਦੇ ਵਾਰਿਸ ਹਨ ਅਤੇ ਕਿੰਨੀ ਘਾਲਣਾ ਤੋਂ ਬਾਅਦ ਆਜ਼ਾਦੀ ਪ੍ਰਾਪਤ ਹੋੋਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਦੇਸ਼ ਤੋਂ ਪੰਜਾਬ ਦਾ ਕੋਈ ਹਥਿਆਰਬੰਦ ਬਲ ਜਾਂ ਸੈਨਿਕ ਆਪਣੀ ਜਾਨ ਵਾਰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਦਿੱਤਾ ਜਾਣ ਵਾਲਾ ਮਾਣ ਭੱਤਾ ਵਧਾ ਕੇ ਇੱਕ ਕਰੋੜ ਰੁਪਏ ਦਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਥਿਆਰਬੰਦ ਦਸਤਿਆਂ ’ਚ ਡਿਊਟੀ ਦੌਰਾਨ ਮੌਤ ਹੋ ਜਾਣ ’ਤੇ ਪਰਿਵਾਰ ਨੂੰ 25 ਲੱਖ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਫੈਸਲਾ ਲੈਣ ਤੋਂ ਇਲਾਵਾ ਦਿਵਿਆਂਗ ਹੋਣ ’ਤੇ ਦਿੱਤੀ ਜਾਂਦੀ ਐਕਸ-ਗ੍ਰੇਸ਼ੀਆ ਗ੍ਰਾਂਟ ਵੀ ਦੁੱਗਣੀ ਕਰ ਦਿੱਤੀ ਗਈ ਹੈ।
ਭਗਵੰਤ ਮਾਨ ਸਰਕਾਰ ਵੱਲੋਂ ਦੇਸ਼ ਅਤੇ ਪੰਜਾਬ ਤੋਂ ਆਪਣੀਆਂ ਜਾਨਾਂ ਵਾਰਨ ਵਾਲਿਆਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਣ ਦੀ ਲੜੀ ’ਚ ਪਿਛਲੇ ਸਵਾ ਸਾਲ ’ਚ ਭਿ੍ਰਸ਼ਟਾਚਾਰ ਦੇ ਘੁਣ ਨੂੰ ਖਤਮ ਕਰਦਿਆਂ 400 ਦੇ ਕਰੀਬ ਸਿਆਸਤਦਾਨ, ਅਫ਼ਸਰ, ਮੁਲਾਜ਼ਮ, ਅਤੇ ਹੋਰ ਵੱਡੇ-ਛੋਟੇ ਲੋਕ ਗਿ੍ਰਫ਼ਤਾਰ ਕੀਤੇ ਗਏ।
ਕਰੀਬ ਸਾਢੇ ਗਿਆਰਾਂ ਹਜ਼ਾਰ ਏਕੜ ਤੋਂ ਵੱਧ ਸਰਕਾਰੀ ਜ਼ਮੀਨਾਂ ਤੋਂ ਰਸੂਖਦਾਰਾਂ ਦੇ ਨਜਾਇਜ਼ ਕਬਜ਼ੇ ਵੀ ਪਹਿਲੀ ਵਾਰ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਸਵਾ ਸਾਲ ’ਚ ਸਾਰੇ ਹੀ ਕੰਮ ਕਰ ਦਿੱਤੇ ਪਰ ਇੱਕ ਇਮਾਨਦਾਰ ਤੇ ਨੇਕ ਸਰਕਾਰ ਦਾ ਵਾਅਦਾ ਭਗਵੰਤ ਮਾਨ ਦੀ ਅਗਵਾਈ ’ਚ ਚੱਲ ਰਹੀ ਸਰਕਾਰ ਨੇ ਪੂਰਾ ਕਰ ਦਿੱਤਾ ਹੈ। ਜਿਹੜਾ ਪੈਸਾ ਕਦੇ ਭਿ੍ਰਸ਼ਟ ਸਿਆਸਤਦਾਨਾਂ ਦੀ ਜੇਬ੍ਹ ’ਚ ਜਾਂਦਾ ਸੀ ਅੱਜ ਉਹ ਸਿਹਤ ਅਤੇ ਸਿਖਿਆ ’ਤੇੇ ਖਰਚਿਆ ਜਾ ਰਿਹਾ ਹੈ।