ਨਵੀਂ ਦਿੱਲੀ: ਸਿੱਖਾਂ ਨੂੰ ਜਬਰੀ ਮੁਸਲਿਮ ਬਣਾਉਣ ਦੇ ਮੁੱਦੇ 'ਤੇ ਭਾਰਤ ਪਾਕਿਸਤਾਨ ਸਰਕਾਰ ਨਾਲ ਗੱਲ ਕਰੇਗੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਰਾਹੀਂ ਕਿਹਾ ਕਿ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਬਰੀ ਧਰਮ ਬਦਲਣ ਦਾ ਮੁੱਦਾ ਚੁੱਕਣ ਲਈ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਸੀ। ਕੈਪਟਨ ਦੀ ਅਪੀਲ ਦੇ ਜਵਾਬ ਵਿੱਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਕੋਲ ਇਸ ਮੁੱਦੇ ਨੂੰ ਜ਼ਰੂਰ ਚੁੱਕਿਆ ਜਾਵੇਗਾ।

ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਦੇ ਹੰਗੂ ਜ਼ਿਲ੍ਹੇ 'ਚ ਸਹਾਇਕ ਕਮਿਸ਼ਨਰ ਉੱਪਰ ਸਿੱਖਾਂ ਨੂੰ ਜਬਰੀ ਇਸਲਾਮ ਕਬੂਲਣ ਲਈ ਦਬਾਅ  ਪਾਉਣ ਦੇ ਇਲਜ਼ਾਮ ਲੱਗੇ ਸਨ। ਸਿੱਖ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਖੈਬਰ ਦੇ ਮੁੱਖ ਸਕੱਤਰ ਨੇ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀ ਮੁਅੱਤਲ ਕਰਕੇ ਜਾਂਚ ਦੇ ਆਦੇਸ਼ ਕੀਤੇ ਸੀ।