Shubman Gill Arshdeep Meets Bhagwant Mann: ਭਾਰਤੀ ਕ੍ਰਿਕਟ ਟੀਮ ਜਲਦੀ ਹੀ ਚੈਂਪੀਅਨਜ਼ ਟਰਾਫੀ 2025 ਦੇ ਮੈਚਾਂ ਲਈ ਦੁਬਈ ਰਵਾਨਾ ਹੋਵੇਗੀ, ਹਾਲਾਂਕਿ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਕਰ ਰਿਹਾ ਹੈ। ਇਸ ਵਿਚਕਾਰ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ। ਆਮ ਆਦਮੀ ਪਾਰਟੀ (AAP) ਨੇ ਸੋਸ਼ਲ ਮੀਡੀਆ ਰਾਹੀਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਭਾਰਤੀ ਖਿਡਾਰੀਆਂ ਨੂੰ ਆਉਣ ਵਾਲੇ ਟੂਰਨਾਮੈਂਟਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।


ਅੱਜ ਸ਼ੁੱਕਰਵਾਰ ਦੇ ਦਿਨ, ਦੋਵੇਂ ਭਾਰਤੀ ਕ੍ਰਿਕਟਰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲੇ। ਮੁੱਖ ਮੰਤਰੀ ਨੇ ਅਰਸ਼ਦੀਪ ਅਤੇ ਗਿੱਲ ਦੀ ਯੋਗਤਾ ਅਤੇ ਭਾਰਤੀ ਟੀਮ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਆਉਣ ਵਾਲੀ ਚੈਂਪੀਅਂਸ ਟਰਾਫੀ ਲਈ ਵੀ ਦੋਵੇਂ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੂਰੇ ਦੇਸ਼ ਨੂੰ ਗਿੱਲ ਅਤੇ ਅਰਸ਼ਦੀਪ 'ਤੇ ਮਾਣ ਹੈ।




ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਸ਼ੁਭਮਨ ਗਿੱਲ ਦਾ ਵਧੀਆ ਫਾਰਮ ਵਿੱਚ ਹੋਣਾ ਟੀਮ ਇੰਡੀਆ ਲਈ ਇਕ ਵਧੀਆ ਸੰਕੇਤ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇੰਗਲੈਂਡ ਖਿਲਾਫ਼ ਖੇਡੀ ਗਈ ਵਨਡੇ ਸੀਰੀਜ਼ ਦੇ 3 ਮੈਚਾਂ ਵਿੱਚ 2 ਅਰਧਸ਼ਤਕ ਅਤੇ 1 ਸ਼ਤਕ ਸਮੇਤ ਕੁੱਲ 259 ਦੌੜਾਂ ਬਣਾਈਆਂ। ਉਨ੍ਹਾਂ ਨੇ ਸੀਰੀਜ਼ ਦੇ ਆਖਰੀ ਮੈਚ ਵਿੱਚ 112 ਦੌੜਾਂ ਦੀ ਸ਼ਾਨਦਾਰ ਸ਼ਤਕੀ ਪਾਰੀ ਖੇਡੀ, ਜੋ ਕਿ ਉਨ੍ਹਾਂ ਦੇ ਵਨਡੇ ਕਰੀਅਰ ਦਾ ਸੱਤਵਾਂ ਸ਼ਤਕ ਵੀ ਸੀ। ਗਿੱਲ ਨੇ ਕੇਵਲ 50 ਵਨਡੇ ਪਾਰੀਆਂ ਵਿੱਚ 7 ਸ਼ਤਕਾਂ ਪੂਰੇ ਕਰ ਲਏ ਹਨ।


ਦੂਜੇ ਪਾਸੇ, ਅਰਸ਼ਦੀਪ ਸਿੰਘ ਨੇ ਟੀ20 ਮੈਚਾਂ ਵਿੱਚ ਲਾਜਵਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਵਨਡੇ ਟੀਮ ਵਿੱਚ ਵੀ ਆਪਣੀ ਥਾਂ ਬਣਾਈ। ਉਨ੍ਹਾਂ ਨੇ ਇੰਗਲੈਂਡ ਖ਼ਿਲਾਫ਼ ਇੱਕ ਵਨਡੇ ਮੈਚ ਖੇਡਿਆ, ਜਿਸ ਵਿੱਚ ਉਨ੍ਹਾਂ ਨੇ 2 ਵਿਕਟਾਂ ਹਾਸਲ ਕੀਤੀਆਂ।



ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦਾ ਪਹਿਲਾ ਮੈਚ ਕਦੋਂ?


ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਮੈਚ ਨਾਲ ਕਰੇਗੀ। ਟੀਮ ਇੰਡੀਆ ਆਪਣਾ ਦੂਜਾ ਮੁਕਾਬਲਾ 23 ਫਰਵਰੀ ਨੂੰ ਪਾਕਿਸਤਾਨ ਨਾਲ ਖੇਡੇਗੀ। ਗਰੁੱਪ ਸਟੇਜ ਵਿੱਚ ਭਾਰਤ ਆਪਣਾ ਆਖਰੀ ਮੈਚ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਖੇਡੇਗਾ। ਹਾਈਬ੍ਰਿਡ ਮਾਡਲ ਕਾਰਨ ਭਾਰਤੀ ਟੀਮ ਦੇ ਸਾਰੇ ਮੈਚ ਦੁਬਈ ਵਿੱਚ ਹੋਣਗੇ।