ਜ਼ਰੂਰੀ ਖ਼ਬਰ! ਹੁਣ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਨਹੀਂ ਚੱਲਣਗੀਆਂ ਰੇਲਗੱਡੀਆਂ
Punjab News: ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਜੰਮੂ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਰਾਤ ਦੇ ਸਮੇਂ ਰੇਲਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ।

Punjab News: ਪਾਕਿਸਤਾਨ ਨਾਲ ਵਧਦੇ ਤਣਾਅ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਰੇਲਵੇ ਨੇ ਜੰਮੂ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਰਾਤ ਦੇ ਸਮੇਂ ਰੇਲਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਹੈ। ਇਸ ਫੈਸਲੇ ਨਾਲ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ ਅਤੇ ਜੰਮੂ ਸਮੇਤ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ (LOC) ਦੇ ਨੇੜੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
ਸੂਤਰਾਂ ਅਨੁਸਾਰ ਜਿਹੜੀਆਂ ਰੇਲਗੱਡੀਆਂ ਪਹਿਲਾਂ ਇਨ੍ਹਾਂ ਖੇਤਰਾਂ ਵਿੱਚੋਂ ਰਾਤ ਨੂੰ ਲੰਘਣ ਲਈ ਨਿਰਧਾਰਤ ਸਨ, ਉਨ੍ਹਾਂ ਨੂੰ ਹੁਣ ਦਿਨ ਦੇ ਸਮੇਂ ਸ਼ਡਿਊਲ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਚੱਲਣ ਵਾਲੀਆਂ ਕੁਝ ਛੋਟੀ ਦੂਰੀ ਦੀਆਂ ਰੇਲਗੱਡੀਆਂ ਅਗਲੇ ਨੋਟਿਸ ਤੱਕ ਰੱਦ ਰਹਿਣਗੀਆਂ। ਸਰਹੱਦ 'ਤੇ ਵਧਦੀ ਫੌਜੀ ਗਤੀਵਿਧੀ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।
ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਰੀ-ਸ਼ਡਿਊਲਿੰਗ ਕਾਰਨ 15 ਤੋਂ ਵੱਧ ਰੇਲਗੱਡੀਆਂ ਦੇ ਪ੍ਰਭਾਵਿਤ ਹੋਣ ਦੀ ਉਮੀਦ ਹੈ। ਹਾਲਾਂਕਿ, ਯਾਤਰੀਆਂ ਦੀ ਅਸੁਵਿਧਾ ਨੂੰ ਘਟਾਉਣ ਲਈ, ਭਾਰਤੀ ਰੇਲਵੇ ਇਨ੍ਹਾਂ ਖੇਤਰਾਂ ਵਿੱਚ ਸੰਪਰਕ ਬਣਾਈ ਰੱਖਣ ਲਈ ਦਿਨ ਵੇਲੇ ਵਿਸ਼ੇਸ਼ ਰੇਲ ਗੱਡੀਆਂ ਚਲਾਏਗਾ।
ਬੱਸ ਸੇਵਾਵਾਂ ਵੀ ਹੋਈਆਂ ਬੰਦ
ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਬਠਿੰਡਾ 'ਚ ਸ਼ਾਮ 7 ਵਜੇ ਤੋਂ ਸਰਕਾਰੀ ਅਤੇ ਪ੍ਰਾਈਵੇਟ ਬੱਸ ਸੇਵਾ ਠੱਪ ਕਰ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਰਾਤ ਦੇ 8 ਵਜੇ ਤੋਂ ਬਾਅਦ ਬਲੈਕਆਊਟ ਹੋ ਜਾਂਦਾ ਹੈ। ਇਸ ਦੇ ਚੱਲਦਿਆਂ ਸ਼ਾਮ 7 ਵਜੇ ਤੋਂ ਬਾਅਦ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਅਤੇ ਫਰੀਦਕੋਟ ਨੂੰ ਜਾਣ ਵਾਲੇ ਰੂਟ ਵੀ ਬੰਦ ਕਰ ਦਿੱਤੇ ਗਏ ਹਨ।
ਅਧਿਕਾਰੀ ਨੇ ਦੱਸਿਆ ਕਿ ਸ਼ਾਮ 7 ਵਜੇ ਤੋਂ ਬਾਅਦ 10-15 ਰੂਟਾਂ ਲਈ ਬੱਸਾਂ ਚੱਲਦੀਆਂ ਹਨ, ਜਿਨ੍ਹਾਂ ਨੂੰ ਐਮਰਜੈਂਸੀ ਹਾਲਾਤ ਦੇ ਕਾਰਨ ਬੰਦ ਕਰ ਦਿੱਤਾ ਗਿਆ ਹੈ। ਬਠਿੰਡਾ ਪ੍ਰਸ਼ਾਸਨ ਨੇ ਲੋਕਾਂ ਨੂੰ 7 ਵਜੇ ਤੱਕ ਆਪੋ-ਆਪਣੀ ਮੰਜ਼ਿਲ 'ਤੇ ਪੁੱਜਣ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਹਰਿਆਣਾ ਵਲੋਂ ਵੀ ਪੰਜਾਬ ਰੂਟ ਦੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਸੀ. ਟੀ. ਯੂ. ਵਲੋਂ ਵੀ ਅੰਮ੍ਰਿਤਸਰ ਅਤੇ ਜੰਮ-ਕੱਟੜਾ ਲਈ ਚੱਲਣ ਵਾਲੀ ਬੱਸ ਸੇਵਾ ਬੰਦ ਕੀਤੀ ਗਈ ਹੈ।






















