ਅੰਮ੍ਰਿਤਸਰ: ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਨੇੜੇ ਪੈਂਦੀ ਇੰਦਰਾ ਆਵਾਸ ਯੋਜਨਾ ਤਹਿਤ ਵਸਾਈ ਇੰਦਰਾ ਕਾਲੋਨੀ ਵਿੱਚ ਅੱਜ ਬਿਜਲੀ ਦੀ ਸਪਲਾਈ ਆਉਣ 'ਤੇ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ।


ਦਰਅਸਲ ਇਸ ਕਾਲੋਨੀ ਦੇ ਲੋਕ ਪਿਛਲੇ 43 ਸਾਲਾਂ ਤੋਂ ਬਿਨਾਂ ਬਿਜਲੀ ਦੇ ਰਹਿ ਰਹੇ ਸਨ ਜਿਸ ਕਾਰਨ ਇਨ੍ਹਾਂ ਨੂੰ ਪਾਣੀ ਸਮੇਤ ਕਈ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਾਲੋਨੀ ਦੇ ਲੋਕਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਰਾਤ ਨੂੰ ਜਦ ਉਹ ਜ਼ਮੀਨ 'ਤੇ ਪੈਰ ਰੱਖਦੇ ਸਨ ਤਾਂ ਹੇਠਾਂ ਸੱਪ ਬੈਠੇ ਹੁੰਦੇ ਸਨ ਉਨ੍ਹਾਂ ਦੇ ਰੋਟੀ ਖਾਣ ਵਾਲੇ ਮੰਜੇ 'ਤੇ ਵੀ ਸੱਪ ਬੈਠੇ ਨਜ਼ਰ ਆਉਂਦੇ ਸਨ।


ਕਾਲੋਨੀ ਵਸਨੀਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਪੇਪਰਾਂ ਦੇ ਦਿਨਾਂ ਵਿੱਚ ਰਾਤ ਵੇਲੇ ਪੜ੍ਹਨ 'ਚ ਕਾਫੀ ਮੁਸ਼ਕਿਲ ਆਉਂਦੀ ਸੀ ਤੇ ਉਹ ਦੀਵੇ ਬਾਲ ਕੇ ਪੜ੍ਹਦੇ ਸਨ। ਅੱਜ ਕਾਲੋਨੀ 'ਚ ਬਿਜਲੀ ਆਉਣ 'ਤੇ ਲੋਕਾਂ ਦੇ ਚੇਹਰਿਆਂ 'ਤੇ ਰੌਣਕ ਦੇਖਣ ਵਾਲੀ ਸੀ।


ਦੂਜੇ ਪਾਸੇ ਕਾਲੋਨੀ 'ਚ ਪਹੁੰਚੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਦਾ ਸਿਹਰਾ ਆਪਣੇ ਸਿਰ ਲੈਂਦਿਆਂ ਕਿਹਾ ਕਿ 'ਦੇਰ ਆਏ ਦਰੁਸਤ ਆਏ' ਅੱਗੇ ਤੋਂ ਕਾਲੋਨੀ ਵਾਸੀਆਂ ਨੂੰ ਅਜਿਹੀ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਵੇਰਕਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਜਦੋਂ ਮਸਲਾ ਆਇਆ ਤਾਂ ਉਨ੍ਹਾਂ ਤੁਰੰਤ ਇਸ ਨੂੰ ਸੁਲਝਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਸਨ।