Punjab New CM: ਚਰਨਜੀਤ ਚੰਨੀ ਦੀ ਪੰਜਾਬ ਦਾ ਕੈਪਟਨ ਬਣਨ ਦੀ ਅੰਦਰਲੀ ਕਹਾਣੀ, ਜਾਣੋ ਕੌਣ ਹੈ ਅਸਲ ਕਿੰਗ ਮੇਕਰ!
Punjab Congress: ਸੂਤਰਾਂ ਅਨੁਸਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ 'ਤੇ ਜ਼ਿਆਦਾਤਰ ਕਾਂਗਰਸੀ ਵਿਧਾਇਕ ਸਹਿਮਤ ਸਨ, ਪਰ ਸਿੱਧੂ ਦੇ ਕੁਝ ਸਾਥੀ ਇਸ ਦੇ ਵਿਰੁੱਧ ਸੀ। ਸਿੱਧੂ ਖੁਦ ਵੀ ਮੁੱਖ ਮੰਤਰੀ ਬਣਨ ਦਾ ਦਾਅਵਾ ਪਹਿਲਾਂ ਪੇਸ਼ ਕਰ ਚੁੱਕੇ ਸੀ।
ਚੰਡੀਗੜ੍ਹ: ਪੰਜਾਬ ਦੇ ਅਗਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਟਵਿੱਟਰ ਰਾਹੀਂ ਇਸ ਦਾ ਐਲਾਨ ਕੀਤਾ ਹੈ ਪਰ ਇਸ ਨਾਂ ਦੇ ਐਲਾਨ ਤੋਂ ਕਰੀਬ 2 ਘੰਟੇ ਪਹਿਲਾਂ ਤੱਕ ਮੁੱਖ ਮੰਤਰੀ ਦੇ ਅਹੁਦੇ ਲਈ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਤੈ ਮੰਨਿਆ ਜਾ ਰਿਹਾ ਸੀ। ਫਿਰ ਕੀ ਹੋਇਆ ਕਿ ਕਾਂਗਰਸ ਹਾਈਕਮਾਂਡ ਨੇ ਚਰਨਜੀਤ ਦੇ ਨਾਂ ਨੂੰ ਅੰਤਿਮ ਰੂਪ ਦੇ ਦਿੱਤਾ। ਜਾਣੋ ਚਰਚਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਅੰਦਰਲੀ ਕਹਾਣੀ...
ਸੂਤਰਾਂ ਅਨੁਸਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ 'ਤੇ ਜ਼ਿਆਦਾਤਰ ਕਾਂਗਰਸੀ ਵਿਧਾਇਕ ਸਹਿਮਤ ਸਨ, ਪਰ ਨਵਜੋਤ ਸਿੱਧੂ ਦੇ ਕੁਝ ਸਾਥੀ ਇਸ ਦੇ ਵਿਰੁੱਧ ਸੀ। ਕਾਰਨ ਇਹ ਸੀ ਕਿ ਸਿੱਧੂ ਖੁਦ ਮੁੱਖ ਮੰਤਰੀ ਬਣਨ ਦਾ ਦਾਅਵਾ ਪਹਿਲਾਂ ਪੇਸ਼ ਕਰ ਚੁੱਕੇ ਸਨ ਪਰ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ, ਹਾਈਕਮਾਂਡ ਨੂੰ ਇਹ ਦਾਅਵਾ ਸਹੀ ਨਹੀਂ ਲੱਗਿਆ।
ਨਵਜੋਤ ਸਿੱਧੂ ਨੇ ਆਪਣਾ ਨਾਂ ਰੱਦ ਹੋਣ ਤੋਂ ਬਾਅਦ ਇੱਕ ਦਲਿਤ ਚਿਹਰੇ ਦੀ ਮੰਗ ਕੀਤੀ। ਨਿਗਰਾਨ ਅਜੈ ਮਾਕਨ, ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਕਾਂਗਰਸ ਹਾਈਕਮਾਂਡ ਨਾਲ ਚੰਡੀਗੜ੍ਹ ਹੋਟਲ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕਰਦੇ ਰਹੇ। ਕਈ ਕਾਂਗਰਸੀ ਵਿਧਾਇਕ ਵੀ ਇੱਥੇ ਪਹੁੰਚੇ ਸਨ। ਮੀਟਿੰਗ ਵਿੱਚ ਜਦੋਂ ਹਾਈਕਮਾਂਡ ਨੇ ਸੁਖਜਿੰਦਰ ਰੰਧਾਵਾ ਦੇ ਨਾਂ 'ਤੇ ਸਹਿਮਤੀ ਪ੍ਰਗਟਾਈ ਤਾਂ ਨਵਜੋਤ ਸਿੱਧੂ ਉਸ ਸਮੇਂ ਗੁੱਸੇ ਵਿੱਚ ਚੰਡੀਗੜ੍ਹ ਹੋਟਲ ਤੋਂ ਬਾਹਰ ਚਲੇ ਗਏ ਸਨ।
ਸੁਖਜਿੰਦਰ ਸਿੰਘ ਰੰਧਾਵਾ ਵਾਂਗ ਚਰਨਜੀਤ ਚੰਨੀ ਵੀ ਉਨ੍ਹਾਂ ਲੋਕਾਂ ’ਚ ਸ਼ਾਮਲ ਸਨ, ਜਿਨ੍ਹਾਂ ਨੇ ਕੈਪਟਨ ਵਿਰੁੱਧ ਖੁੱਲ੍ਹ ਕੇ ਬਗਾਵਤ ਕੀਤੀ ਸੀ, ਪਰ ਰੰਧਾਵਾ ਦੀ ਬਜਾਏ ਉਨ੍ਹਾਂ ਨੂੰ ਸਿੱਧੂ ਦੇ ਕਾਰਨ ਹੀ ਤਰਜੀਹ ਮਿਲੀ। ਇੰਝ ਇਸ ਘਟਨਾ ਕ੍ਰਮ ’ਚ ਨਵਜੋਤ ਸਿੱਧੂ ਇੱਕ ਕਿੰਗ ਮੇਕਰ ਵਜੋਂ ਵੀ ਉੱਭਰੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਇੱਕ ਮੁੱਖ ਮੰਤਰੀ ਚਾਹੁੰਦੇ ਹਨ ਜੋ ਉਨ੍ਹਾਂ ਦੀ ਗੱਲ ਸੁਣਨ। ਦੂਜੇ ਪਾਸੇ ਸੁਖਜਿੰਦਰ ਰੰਧਾਵਾ ਦਾ ਸੁਭਾਅ ਅਜਿਹਾ ਨਹੀਂ ਕਿ ਉਹ ਕਿਸੇ ਦੇ ਕਹਿਣ 'ਤੇ ਆਪਣੇ ਨੱਕ ਦੀ ਸੇਧ ਵਿੱਚ ਚੱਲਣ।
ਚਰਨਜੀਤ ਚੰਨੀ ਦੀ ਮਦਦ ਨਾਲ ਕਾਂਗਰਸ ਨੇ ਪੰਜਾਬ ਵਿੱਚ 32% ਦਲਿਤ ਵੋਟ ਬੈਂਕ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਇੱਕ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਅਕਾਲੀ ਦਲ ਦੇ ਚੋਣ ਵਾਅਦੇ ਦਾ ਤੋੜ ਵੀ ਕੱਢ ਲਿਆ। ਭਾਜਪਾ ਨੇ ਵੀ ਦਲਿਤ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ। ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਸੀ ਕਿ ਉਨ੍ਹਾਂ ਨੇ ਦਲਿਤ ਨੇਤਾ ਹਰਪਾਲ ਚੀਮਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਹੈ। ਕਾਂਗਰਸ ਨੇ ਇਸ ਦਾਅ ਨਾਲ ਸਾਰੀਆਂ ਪਾਰਟੀਆਂ ਨੂੰ ਸਿਆਸੀ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ: Punjab Congress: ਕਾਂਗਰਸ ਹਾਈਕਮਾਨ ਇੱਕੋ ਤੀਰ ਨਾਲ ਫੁੰਡੇ ਕਈ ਨਿਸ਼ਾਨੇ! ਕੈਪਟਨ ਧੜੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin